ਹੁਸ਼ਿਆਰਪੁਰ 21 ਅਪ੍ਰੈਲ ( ਤਰਸੇਮ ਦੀਵਾਨਾ ) – ਇਲਾਕੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਚੱਲ ਰਹੀ ਲੂ (Heat Wave) ਦੇ ਮੱਦੇਨਜ਼ਰ ਐਸ ਐਸ ਮੈਡੀਸਿਟੀ ਮੁਕੇਰੀਆਂ ਦੇ ਐਮ ਡੀ ਡਾ. ਹਰਜੀਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਮੀ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਲਾਪਰਵਾਹੀ ਸਿਹਤ ਲਈ ਘਾਤਕ ਸਿੱਧ ਹੋ ਸਕਦੀ ਹੈ ! ਉਹਨਾਂ ਕਿਹਾ ਕਿ ਪਿਆਸ ਨਾ ਲੱਗਣ ‘ਤੇ ਵੀ ਵਾਰ-ਵਾਰ ਪਾਣੀ ਪੀਓ। ਘਰੋਂ ਬਾਹਰ ਨਿਕਲਣ ਵੇਲੇ ਪਾਣੀ ਦੀ ਬੋਤਲ ਨਾਲ ਰੱਖੋ ਅਤੇ ਗਰਮੀ ਵਿੱਚ ਹਲਕਾ ਅਤੇ ਤਾਜ਼ਾ ਭੋਜਨ ਖਾਓ।
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓ.ਆਰ.ਐੱਸ (ORS) ਦਾ ਘੋਲ ਲੈਂਦੇ ਰਹੋ ਤਾਂ ਜੋ ਸਰੀਰ ਵਿੱਚ ਨਮਕ ਦੀ ਕਮੀ ਨਾ ਹੋਵੇ। ਉਹਨਾਂ ਕਿਹਾ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਮੇਸ਼ਾ ਹਲਕੇ ਰੰਗ ਦੇ ਅਤੇ ਸੂਤੀ ਕੱਪੜੇ ਪਹਿਨੋ। ਬਾਹਰ ਨਿਕਲਣ ਸਮੇਂ ਸਿਰ ਨੂੰ ਛੱਤਰੀ, ਟੋਪੀ ਜਾਂ ਪਰਨੇ ਨਾਲ ਢੱਕ ਕੇ ਰੱਖੋ ! ਉਹਨਾਂ ਕਿਹਾ ਕਿ ਗਰਮੀਆਂ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ, ਜਦੋਂ ਗਰਮੀ ਸਿਖਰ ‘ਤੇ ਹੁੰਦੀ ਹੈ, ਬੇਲੋੜਾ ਬਾਹਰ ਨਿਕਲਣ ਤੋਂ ਬਚੋ।
ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਬਹੁਤ ਤੇਜ਼ ਸਿਰ ਦਰਦ ਹੋਵੇ, ਚੱਕਰ ਆਉਣ ਜਾਂ ਉਲਟੀਆ ਆਉਣ, ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਵੇ, ਬੇਚੈਨੀ ਜਾਂ ਘਬਰਾਹਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਚੈੱਕ ਅਪ ਕਰਵਾਓ ਤਾਂ ਕਿ ਪਨਪ ਰਹੀ ਬਿਮਾਰੀ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਡਾ. ਹਰਜੀਤ ਸਿੰਘ ਨੇ ਕਿਹਾ ਕਿ ਗਰਮੀਆਂ ਦੇ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਖਿਆਲ ਰੱਖੋ ਕਿਉਂਕਿ ਉਨ੍ਹਾਂ ‘ਤੇ ਗਰਮੀ ਦਾ ਅਸਰ ਜਲਦੀ ਹੁੰਦਾ ਹੈ। ਪਸ਼ੂ-ਪੰਛੀਆਂ ਲਈ ਵੀ ਛਾਂਦਾਰ ਥਾਂ ਅਤੇ ਸਾਫ਼ ਪਾਣੀ ਦਾ ਪ੍ਰਬੰਧ ਯਕੀਨੀ ਬਣਾਓ।”

