4 ਮਈ ਨੂੰ ਡੇਰਾ ਸੱਚਖੰਡ ਭਾਰਟਾ ਗਣੇਸ਼ਪੁਰ ਵਿਖੇ ਹੋਵੇਗਾ ਸ਼ਰਧਾਂਜਲੀ ਸਮਾਰੋਹ : ਸੰਤ ਨਿਰਮਲ ਦਾਸ ਜੀ ਬਾਬੇ ਜੋੜ੍ਹੇ
ਹੁਸ਼ਿਆਰਪੁਰ 21 ਅਪ੍ਰੈਲ ( ਤਰਸੇਮ ਦੀਵਾਨਾ ) – ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੋੜੇ ਜੀ ਵੱਲੋਂ ਸੰਤ ਕ੍ਰਿਪਾਲ ਦਾਸ ਜੀ ਦੇ ਬੀਤੇ ਦਿਨੀ ਅਚਾਨਕ ਹੋਏ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੀ ਨੇ ਇਸ ਨੂੰ ਅਧਿਆਤਮਕ ਜਗਤ ਅਤੇ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਉਹਨਾ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਹਿੱਤ ਅਰਪਿਤ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਹਮੇਸ਼ਾ ਸੰਗਤਾਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।
ਉਹਨਾਂ ਦੱਸਿਆ ਕਿ ਵਿਛੜੀ ਹੋਈ ਰੱਬੀ ਰੂਹ ਨਿਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 4 ਮਈ ਨੂੰ ਡੇਰਾ ਸੱਚਖੰਡ ਭਾਰਟਾ ਗਣੇਸ਼ਪੁਰ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਸੁਸਾਇਟੀ ਵੱਲੋਂ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ, ਧਾਰਮਿਕ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਡੇਰਾ ਸੱਚਖੰਡ ਭਾਰਟਾ ਗਣੇਸ਼ਪੁਰ ਵਿਖੇ ਪਹੁੰਚ ਕੇ ਮਹਾਂਪੁਰਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ।
ਉਹਨਾਂ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਦਾ ਜੀਵਨ ਨਿਮਰਤਾ ਅਤੇ ਸੇਵਾ ਦੀ ਮਿਸਾਲ ਸੀ। ਉਨ੍ਹਾਂ ਦੇ ਜਾਣ ਨਾਲ ਪੈਦਾ ਹੋਇਆ ਖਲਾਅ ਕਦੇ ਵੀ ਭਰਿਆ ਨਹੀਂ ਜਾ ਸਕਦਾ। ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਮੈਂਬਰਾਂ ਨੇ ਪਰਿਵਾਰ ਅਤੇ ਡੇਰੇ ਨਾਲ ਜੁੜੀਆਂ ਸੰਗਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

