Breaking
Sun. Mar 22nd, 2026

ਬਜ਼ੁਰਗ ਸੁਨਿਆਰੇ ਨੂੰ ਤੇਜ਼ ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਗਹਿਣਿਆਂ ਨਾਲ ਭਰਿਆ ਬੈਗ ਲੁੱਟਿਆ

ਬਜ਼ੁਰਗ ਸੁਨਿਆਰੇ

ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਦੇ ਟਾਂਡਾ ਬਾਈਪਾਸ ਚੌਂਕ ਵਿੱਚ ਇੱਕ ਬਜ਼ੁਰਗ ਸੁਨਿਆਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਭਰਿਆ ਬੈਗ ਲੁੱਟ ਲਿਆ | ਦੱਸਿਆ ਜਾਂਦਾ ਹੈ ਕਿ ਉਕਤ ਸੁਨਿਆਰਾ ਹੁਸ਼ਿਆਰਪੁਰ ਦੇ ਇੱਕ ਪ੍ਰੈਸ ਰਿਪੋਰਟਰ ਸੰਦੀਪ ਵਰਮਾ ਦੇ ਪਿਤਾ ਜੀ ਹਨ ਜੋ ਹੁਸ਼ਿਆਰਪੁਰ ਟਾਂਡਾ ਰੋਡ ‘ਤੇ ਅੱਡਾ ਸਰਾਂ ਵਿਖ਼ੇ ਦੇਵ ਜਿਉਲਰਜ਼ ਨਾਮਕ ਸੁਨਿਆਰ ਦੀ ਦੁਕਾਨ ਕਰਦੇ ਹਨ | ਪੱਤਰਕਾਰ ਸੰਦੀਪ ਵਰਮਾ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਿਤਾ ਦੇਵ ਰਾਜ ਰੋਜ਼ਾਨਾ ਵਾਂਗ ਆਪਣੀ ਦੁਕਾਨ ਤੋਂ ਸ਼ਾਮ ਨੂੰ ਬੱਸ ਰਾਹੀਂ ਵਾਪਸ ਆ ਰਹੇ ਸਨ ਅਤੇ ਟਾਂਡਾ ਚੌਂਕ ਵਿੱਚ ਬੱਸ ਤੋਂ ਉੱਤਰ ਕੇ ਪੈਦਲ ਹੀ ਭਗਵਾਨ ਵਾਲਮੀਕ ਵਾਲੇ ਚੌਂਕ ਵੱਲ ਚੱਲ ਪਏ ਉਨ੍ਹਾਂ ਕੋਲ ਹਮੇਸ਼ਾਂ ਵਾਂਗ ਸੋਨੇ ਚਾਂਦੀ ਦੇ ਰਿਪੇਅਰ ਕਰਨ ਵਾਲੇ ਗਹਿਣਿਆਂ ਅਤੇ ਨਗਦੀ ਨਾਲ ਭਰਿਆ ਬੈਗ ਵੀ ਸੀ |

ਅਚਾਨਕ ਪਿਛਿਓਂ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੂੰ ਘੇਰ ਕੇ ਬੈਗ ਖੋਹਣ ਲੱਗ ਪਏ ਪਰ ਉਨ੍ਹਾਂ ਦੇ ਪਿਤਾ ਜੀ ਨੇ ਬੈਗ ਨਹੀਂ ਛੱਡਿਆ ਅਤੇ ਨਾਲ ਹੀ ਘੜੀਸਦੇ ਗਏ ਜਿਸ ‘ਤੇ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ‘ਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤਾ ਜਿਸ ਨਾਲ ਉਹ ਸਖ਼ਤ ਜ਼ਖਮੀ ਹੋ ਗਏ ਅਤੇ ਲੁਟੇਰੇ ਬੈਗ ਲੈ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ |

ਇਹ ਮੰਜ਼ਰ ਦੇਖ ਕੇ ਰਾਹਗੀਰਾਂ ਨੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਪੁਚਾਇਆ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਇੱਕ ਹੋਰ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੂੰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖ਼ੰਗਾਲੀ ਜਾ ਰਹੀ ਹੈ | ਪੱਤਰਕਾਰ ਸੰਦੀਪ ਵਰਮਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਨੂੰ ਅਪੀਲ ਕੀਤੀ ਕਿ ਅਣਪਛਾਤੇ ਲੁਟੇਰਿਆਂ ਦਾ ਪਤਾ ਲਗਾਇਆ ਜਾਵੇ |

By admin

Related Post