Breaking
Mon. Mar 16th, 2026

ਇਤਿਹਾਸਿਕ ਪਿੰਡ ਬਸੀ ਗੁਲਾਮ ਹੁਸੈਨ ਦੇ ਰਸਤਿਆਂ ਦੀ ਸਮੱਸਿਆ ਨੂੰ ਲੈ ਕੇ ਵਿਜੇ ਸਾਂਪਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਬਸੀ ਗੁਲਾਮ ਹੁਸੈਨ

ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਅੰਡਰਪਾਸ ਬਣਾਉਣ ਦੇ ਨਿਰਦੇਸ਼ ਪਿੰਡ ਵਾਸੀਆਂ ਦੀ ਮੁਸ਼ਕਲ ਦਾ ਹੋਵੇਗਾ ਸਥਾਈ ਹੱਲ

ਹੁਸ਼ਿਆਰਪੁਰ 16 ਮਾਰਚ ( ਤਰਸੇਮ ਦੀਵਾਨਾ ) – ਹਾਥੀ ਦੰਦ ਦੀ ਕਾਰਾਗਰੀ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਅਤੇ ਕਈ ਰਾਸ਼ਟਰਪਤੀ ਤੇ ਰਾਜਪਾਲ ਐਵਾਰਡ ਜੇਤੂ ਪਰਿਵਾਰਾਂ ਦੇ ਨਿਵਾਸ ਅਸਥਾਨ, ਇਤਿਹਾਸਿਕ ਪਿੰਡ ਬਸੀ ਗੁਲਾਮ ਹੁਸੈਨ ਦੇ ਰਸਤਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਕੇਂਦਰੀ ਸੜਕ ਅਤੇ ਪਰਿਵਹਨ ਮੰਤਰੀ ਨਿਤਿਨ ਗਡਕਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਮੁਲਾਕਾਤ ਦੌਰਾਨ ਸਾਂਪਲਾ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਮਹਿਜ਼ 3 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਦਾ ਮੁੱਖ ਰਸਤਾ ਨਵਾਂ ਨੈਸ਼ਨਲ ਹਾਈਵੇਅ ਬਣਨ ਕਾਰਨ ਬੰਦ ਹੋ ਗਿਆ ਹੈ। ਇਸ ਕਾਰਨ ਪਿੰਡ ਦੇ ਲੋਕਾਂ ਦਾ ਸ਼ਹਿਰ ਨਾਲੋਂ ਸਿੱਧਾ ਸੰਪਰਕ ਟੁੱਟ ਗਿਆ ਹੈ ਅਤੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਉਹਨਾਂ ਕਿਹਾ ਕਿ ਬਦਲਵੇਂ ਰਸਤੇ ਲੰਬੇ ਅਤੇ ਸੁੰਨਸਾਨ ਹੋਣ ਕਾਰਨ ਅਸੁਰੱਖਿਅਤ ਹਨ।

ਵਿਜੇ ਸਾਂਪਲਾ ਦੇ ਨਿਵੇਦਨ ‘ਤੇ ਤੁਰੰਤ ਕਾਰਵਾਈ ਕਰਦਿਆਂ ਨਿਤਿਨ ਗਡਕਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਸਥਾਨ ‘ਤੇ ਅੰਡਰਪਾਸ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿੱਤਾ ਕਿ ਹਾਈਵੇਅ ਕਾਰਨ ਲੋਕਾਂ ਨੂੰ ਆ ਰਹੀ ਇਸ ਮੁਸ਼ਕਲ ਦਾ ਸਥਾਈ ਹੱਲ ਕੱਢਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਜਿਹੇ ਪ੍ਰੋਜੈਕਟਾਂ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ।

By admin

Related Post