Breaking
Fri. Mar 13th, 2026

ਡਿਪਟੀ ਕਮਿਸ਼ਨਰ ਵੱਲੋਂ ਗੈਸ ਸਿਲੰਡਰਾਂ ਦੀ ਉਪਲਬਧਤਾ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਕਮੇਟੀ ਦਾ ਗਠਨ

ਗੈਸ ਸਿਲੰਡਰਾਂ
Chennai, Tamil Nadu, India - February 20 2021: LPG Gas cylinders for home distribution in a truck. LPG gas used for domestic cooking

– ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ/ਗੈਰ ਕਾਨੂੰਨੀ ਜਮ੍ਹਾਖੋਰੀ/ ਭੰਡਾਰਨ ਨੂੰ ਰੋਕਣ ਲਈ ਸਮੇਂ-ਸਮੇਂ ਚੈਕਿੰਗ ਨੂੰ ਯਕੀਨੀ ਬਣਾਏਗੀ ਕਮੇਟੀ

ਜਲੰਧਰ 13 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਦੇ ਮੰਤਵ ਨਾਲ ਗੈਸ ਸਿਲੰਡਰਾਂ ਦੀ ਉਪਲਬਧਤਾ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਗੈਸ ਸਿਲੰਡਰਾਂ ਦੀ ਸੰਭਾਵਿਤ ਕਮੀ ਅਤੇ ਕਾਲਾਬਾਜ਼ਾਰੀ ਸਬੰਧੀ ਪ੍ਰਾਪਤ ਕੁਝ ਸ਼ਿਕਾਇਤਾਂ ਦੇ ਮੱਦੇਜ਼ਨਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਜਲੰਧਰ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਵਧੀਕ ਮੁੱਖ ਪ੍ਰਸ਼ਾਸਕ, ਪੁੱਡਾ, ਜਲੰਧਰ, ਜੁਆਇੰਟ ਕਮਿਸ਼ਨਰ, ਨਗਰ ਨਿਗਮ, ਜਲੰਧਰ, ਏ.ਸੀ.ਪੀ. ਹੈਡਕੁਆਰਟਰ, ਦਫ਼ਤਰ ਪੁਲਿਸ ਕਮਿਸ਼ਨਰ, ਜਲੰਧਰ, ਜ਼ਿਲ੍ਹਾ ਆਬਕਾਰੀ ਤੇ ਕਰ ਕਮਿਸ਼ਨਰ, ਜਲੰਧਰ ਨੂੰ ਬਤੌਰ ਮੈਂਬਰ ਅਤੇ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਨੂੰ ਮੈਂਬਰ-ਕਮ-ਕਨਵੀਨਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਡਾ. ਅਗਰਵਾਲ ਨੇ ਦੱਸਿਆ ਕਿ ਇਹ ਕਮੇਟੀ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ/ਗੈਰ ਕਾਨੂੰਨੀ ਜਮ੍ਹਾਖੋਰੀ/ ਭੰਡਾਰਨ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਟੀਮਾਂ ਰਾਹੀਂ ਜ਼ਿਲ੍ਹੇ ਵਿੱਚ ਸਮੇਂ-ਸਮੇਂ ਚੈਕਿੰਗ ਕਰੇਗੀ ਅਤੇ ਜਿੱਥੇ ਵੀ ਕੋਈ ਉਲੰਘਣਾ ਪਾਈ ਜਾਂਦੀ ਹੈ, ਉਥੇ ਕਾਨੂੰਨੀ ਤੌਰ ‘ਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਏਗੀ।

ਉਨ੍ਹਾਂ ਕਿਹਾ ਕਿ ਇਹ ਕਮੇਟੀ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਮਰਸ਼ੀਅਲ ਉਦੇਸ਼ਾਂ ਲਈ ਕਰਨ ਤੋਂ ਰੋਕਣ ਲਈ ਵੀ ਵਿਸ਼ੇਸ਼ ਚੈਕਿੰਗ ਯਕੀਨੀ ਬਣਾਏਗੀ ਅਤੇ ਅਜਿਹਾ ਮਾਮਲਾ ਸਾਹਮਣੇ ਆਉਣ ’ਤੇ ਸੰਬੰਧਿਤ ਵਿਅਕਤੀਆਂ/ਸੰਸਥਾਵਾਂ ਖ਼ਿਲਾਫ਼ ਉਚਿਤ ਕਾਰਵਾਈ ਕਰੇਗੀ।

ਸਮੂਹ ਗੈਸ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਦੇ ਦਫ਼ਤਰੀ ਫੋਨ ਨੰਬਰ ਅਤੇ ਹੈਲਪਲਾਈਨ ਨੰਬਰ ਹਮੇਸ਼ਾ ਚਾਲੂ ਰਹਿਣ

ਉਨ੍ਹਾਂ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੀ ਹੱਦ ਅੰਦਰ ਕੰਮ ਕਰ ਰਹੀਆਂ ਸਮੂਹ ਗੈਸ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਦੇ ਦਫ਼ਤਰੀ ਫੋਨ ਨੰਬਰ ਅਤੇ ਹੈਲਪਲਾਈਨ ਨੰਬਰ ਹਮੇਸ਼ਾ ਚਾਲੂ ਰਹਿਣ, ਤਾਂ ਜੋ ਖਪਤਕਾਰਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਗੈਸ ਸਿਲੰਡਰ ਦੀ ਬੁਕਿੰਗ ਆਨਲਾਈਨ ਮਾਧਿਅਮ ਰਾਹੀਂ ਸੰਭਵ ਨਾ ਹੋਵੇ ਤਾਂ ਸੰਬੰਧਿਤ ਗੈਸ ਏਜੰਸੀ ਵੱਲੋਂ ਆਮ-ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਲਾਈਨ ਮਾਧਿਅਮ ਰਾਹੀਂ ਵੀ ਬੁਕਿੰਗ ਸਵੀਕਾਰ ਕੀਤੀ ਜਾਵੇਗੀ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਮੇਟੀ ਜ਼ਿਲ੍ਹੇ ਵਿੱਚ ਗੈਸ ਸਿਲੰਡਰਾਂ ਦੀ ਸੁਚਾਰੂ ਸਪਲਾਈ, ਵੰਡ ਪ੍ਰਣਾਲੀ ਯਕੀਨੀ ਬਣਾਉਣ ਅਤੇ ਕਾਲਾਬਾਜ਼ਾਰੀ/ਗੈਰ-ਕਾਨੂੰਨੀ ਜਮ੍ਹਾਖੋਰੀ/ਭੰਡਾਰਨ ਨੂੰ ਰੋਕਣ ਸਬੰਧੀ ਸਮੇਂ-ਸਮੇਂ ’ਤੇ ਹੁਕਮ ਜਾਰੀ ਕਰੇਗੀ ਅਤੇ ਇਸ ਦੇ ਨਾਲ ਹੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੀ ਸਮੀਖਿਆ ਕਰਕੇ ਤੁਰੰਤ ਉਚਿਤ ਫੈਸਲੇ ਲਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਜ਼ਰੂਰਤ ਪੈਣ ‘ਤੇ ਸੰਬੰਧਿਤ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਇਹ ਯਕੀਨੀ ਬਣਾਏਗੀ ਕਿ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਫ਼ਵਾਹਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਗਠਿਤ ਕਰਨ ਵਾਲੇ ਇਹ ਹੁਕਮ ਤੁਰੰਤ ਲਾਗੂ ਹੋਣਗੇ।

By admin

Related Post