ਹੁਸ਼ਿਆਰਪੁਰ 13 ਮਾਰਚ (ਤਰਸੇਮ ਦੀਵਾਨਾ ) –ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਆਸ਼ਕੀ ਦੇ ਕਿੱਸੇ ਸਟੇਜ ਉੱਪਰ ਸੁਣਾਉਣਾ ਅਤਿ ਮੰਦਭਾਗਾ ਹੈ ਅਤੇ ਇਸਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ।। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਵੱਲੋਂ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਪਰੰਤੂ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਔਰਤਾਂ ਨੂੰ ਭਰਿੰਡ, ਪਟੋਲਾ ਅਤੇ ਤੁਹਾਡੀ ਭਰਜਾਈ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਕੇ ਔਰਤਾਂ ਪ੍ਰਤੀ ਛੋਟੀ ਅਤੇ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਮਾਤਾ ਗੁਜਰੀ ਜੀ ਅਤੇ ਮਾਈ ਭਾਗੋ ਦੀਆਂ ਵਾਰਿਸ ਹਨ ਉਹਨਾਂ ਲਈ ਅਜਿਹੀ ਸ਼ਬਦਾਵਲੀ ਹਰਗਿਜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੂੰ ਬਿਨਾਂ ਦੇਰੀ ਸਾਰੇ ਪੰਜਾਬ ਦੀਆਂ ਮਹਿਲਾਵਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਚਾਰ ਸਾਲਾਂ ਵਿੱਚ ਇਹ ਨਹੀਂ ਸਮਝ ਸਕੇ ਕਿ ਸਟੇਜ ਅਤੇ ਸਟੇਟ ਚਲਾਉਣ ਵਿੱਚ ਬਹੁਤ ਫ਼ਰਕ ਹੁੰਦਾ ਹੈ। ਸਟੇਜਾਂ ਤੇ ਚੁਟਕਲੇ ਸੁਣਾਉਂਦੇ ਸਮੇਂ ਮੁੱਖ ਮੰਤਰੀ ਪੰਜਾਬ ਅਹੁਦੇ ਦੀ ਅਹਿਮੀਅਤ ਅਕਸਰ ਭੁੱਲ ਜਾਂਦੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਆਮ ਆਦਮੀ ਪਾਰਟੀ ਔਰਤਾਂ ਪ੍ਰਤੀ ਆਪਣੀ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਚੁੱਕੀ ਹੈ ਚਾਹੇ ਉਹ ਕਿਸਾਨੀ ਸੰਘਰਸ਼ ਕਰਨ ਵਾਲੀਆਂ ਬੀਬੀਆਂ ਦੀ ਪੁਲਿਸ ਵੱਲੋਂ ਕੁੱਟਮਾਰ ਕਰਨਾ ਹੋਵੇ। ਆਮ ਆਦਮੀ ਪਾਰਟੀ ਦਾ ਔਰਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਿਆ ਹੈ ਜਿਸਨੂੰ ਪੰਜਾਬ ਦੀਆਂ ਮਹਿਲਾਵਾਂ ਕਦੇ ਮੁਆਫ਼ ਨਹੀਂ ਕਰਨਗੀਆਂ।

