Breaking
Sat. Oct 11th, 2025

ਡਿਪਟੀ ਕਮਿਸ਼ਨਰ ਵੱਲੋਂ ‘ਵਿਲੇਜ/ਵਾਰਡ ਚੈਂਪੀਅਨ’ ਪ੍ਰੋਗਰਾਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ

ਵੱਖ-ਵੱਖ ਮਾਪਦੰਡਾਂ ’ਚ ਬਿਹਤਰੀਨ ਪ੍ਰਦਰਸ਼ਨ ਵਾਲੇ ਪਿੰਡਾਂ/ਵਾਰਡਾਂ ਨੂੰ ਮਿਲੇਗੀ ਵਿਕਾਸ ਗ੍ਰਾਂਟ

ਸਰਬੋਤਮ ਪਿੰਡ/ਵਾਰਡ ਨੂੰ 4 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਨਾਲ ਕੀਤਾ ਜਾਵੇਗਾ ਸਨਮਾਨਿਤ

ਜਲੰਧਰ 9 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਲੋਕ ਸ਼ਮੂਲੀਅਤ ਨਾਲ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਨੂੰ ਸਰਗਰਮ ਹੁਲਾਰਾ ਦੇਣ ਦੇ ਮੰਤਵ ਨਾਲ ਪਿੰਡਾਂ/ਸ਼ਹਿਰੀ ਖੇਤਰ ਵਿੱਚ ਵਾਰਡਾਂ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ‘ਵਿਲੇਜ/ਵਾਰਡ ਚੈਂਪੀਅਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਸ਼ਾਸਨ, ਸਫ਼ਾਈ, ਬੁਨਿਆਦੀ ਢਾਂਚੇ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਅਹਿਮ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਰਡਾਂ/ਪਿੰਡਾਂ ਦੀ ਹੌਸਲਾ ਅਫਜ਼ਾਈ ਅਤੇ ਸਨਮਾਨ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਫ਼ਾਈ, ਡੋਰ-ਟੂ-ਡੋਰ ਵੇਸਟ ਕੁਲੈਕਸ਼ਨ ਮੈਨੇਜਮੈਂਟ, ਗ੍ਰੀਨ ਬੈਲਟ/ਪਾਰਕਾਂ/ਗਰਾਊਂਡਾਂ ਦਾ ਰੱਖ-ਰਖਾਅ, ਸੁਚੱਜੀ ਜਲ ਸਪਲਾਈ ਅਤੇ ਕਾਰਜਸ਼ੀਲ ਟੂਟੀ ਕੁਨੈਕਸ਼ਨ, ਨਸ਼ਿਆਂ ਦਾ ਖ਼ਾਤਮਾ, ਸਰਕਾਰੀ ਯੋਜਨਾਵਾਂ ਵਿੱਚ ਪ੍ਰਦਰਸ਼ਨ, ਵਾਰਡਾਂ ਦੇ ਰੱਖ-ਰਖਾਅ ਵਿੱਚ ਲੋਕਾਂ ਦੀ ਸ਼ਮੂਲੀਅਤ, ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲਿਆਂ ਸਮੇਤ ਵੱਖ-ਵੱਖ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਤਿੰਨ ਪਿੰਡਾਂ/ਵਾਰਡਾਂ ਨੂੰ ਵਿਕਾਸ ਗ੍ਰਾਂਟ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਰਬੋਤਮ ਪਿੰਡ/ਵਾਰਡ ਨੂੰ 4 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਨਾਲ ਸਨਮਾਨਿਤ ਕੀਤਾ ਜਾਵੇਗਾ

ਉਨ੍ਹਾਂ ਦੱਸਿਆ ਕਿ ਸਰਬੋਤਮ ਪਿੰਡ/ਵਾਰਡ ਨੂੰ 4 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਪਿੰਡਾਂ/ਵਾਰਡਾਂ ਨੂੰ ਕ੍ਰਮਵਾਰ 2 ਅਤੇ 1 ਲੱਖ ਦੀਆਂ ਵਿਕਾਸ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਡ ਦੀ ਰੈਂਕਿੰਗ ਮਾਪਦੰਡਾਂ ਦੇ ਵਿਆਪਕ ਮੁਲਾਂਕਣ ‘ਤੇ ਆਧਾਰਿਤ ਹੋਵੇਗੀ।

ਡਾ. ਅਗਰਵਾਲ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਵਾਰਡ ਵਾਸੀਆਂ, ਚੁਣੇ ਹੋਏ ਨੁਮਾਇੰਦਿਆਂ, ਪਿੰਡ ਦੇ ਭਾਈਚਾਰੇ, ਪੰਚਾਇਤ ਮੈਂਬਰਾਂ ਅਤੇ ਸਥਾਨਕ ਸੰਗਠਨਾਂ ਨੂੰ ਸਾਫ਼, ਸੁਰੱਖਿਅਤ, ਵਧੇਰੇ ਖੁਸ਼ਹਾਲ ਵਾਤਾਵਰਨ ਦੀ ਸਿਰਜਣਾ ਵਿੱਚ ਸਰਗਰਮੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਾਰਡਾਂ/ਪਿੰਡਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਸ਼ਹਿਰੀ ਖੇਤਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਦਿਹਾਤੀ ਖੇਤਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੀ ਅਗਵਾਈ ਵਾਲੀਆਂ ਕਮੇਟੀਆਂ ਕਰਨਗੀਆਂ।

ਇਹ ਐਵਾਰਡ ਹਰ ਸਾਲ ਦੋ ਪੜਾਵਾਂ ਵਿੱਚ ਦਿੱਤਾ ਜਾਵੇਗਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਵਾਰਡ ਹਰ ਸਾਲ ਦੋ ਪੜਾਵਾਂ ਵਿੱਚ ਦਿੱਤਾ ਜਾਵੇਗਾ। ਪਹਿਲੇ ਫੇਜ਼ ਵਿੱਚ ਮੁਲਾਂਕਣ ਮਿਆਦ 1 ਅਗਸਤ ਤੋਂ 31 ਦਸੰਬਰ ਤੱਕ ਹੋਵੇਗੀ ਅਤੇ ਇਸ ਮਿਆਦ ਲਈ ਐਵਾਰਡ 26 ਜਨਵਰੀ ਨੂੰ ਐਲਾਨ ਕੀਤਾ ਜਾਵੇਗਾ। ਦੂਜੇ ਫੇਜ਼ ਦੀ ਮੁਲਾਂਕਣ ਮਿਆਦ 1 ਫਰਵਰੀ ਤੋਂ 30 ਜੂਨ ਤੱਕ ਹੋਵੇਗੀ ਅਤੇ ਇਸ ਮਿਆਦ ਲਈ ਐਵਾਰਡ 15 ਅਗਸਤ ਨੂੰ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਨਵੇਂ ਪਿੰਡਾਂ/ਵਾਰਡਾਂ ਨੂੰ ਹਰ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲ ਸਕੇ, ਦੋ ਸਾਲ ਦੀ ‘ਕੂਲਿੰਗ ਆਫ’ ਮਿਆਦ ਲਾਗੂ ਕੀਤੀ ਜਾਵੇਗੀ ਭਾਵ ਜੇਤੂ ਪਿੰਡ/ਵਾਰਡ ਅਗਲੇ ਦੋ ਸਾਲ ਲਈ ਇਸ ਪਹਿਲਕਦਮੀ ਵਿੱਚ ਭਾਗ ਲੈਣ ਦੇ ਯੋਗ ਨਹੀਂ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੂਦ ਸਮੂਹ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਨੂੰ ਹਦਾਇਤ ਕੀਤੀ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਅਤੇ ਵਾਰਡਾਂ ਵਿੱਚ ਇਸ ਪਹਿਲਕਦਮੀ ਸਬੰਧੀ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ, ਲੋਕ ਪ੍ਰਤੀਨਿਧੀ, ਪੰਚਾਇਤਾਂ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲਣ ਵਿੱਚ ਯੋਗਦਾਨ ਪਾ ਸਕਣ।

ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ, ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਦੀਪ ਕੌਰ, ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਸੁਖਬੀਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਭੋਗਲ ਤੋਂ ਇਲਾਵਾ ਸਮੂਹ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਵੀ ਮੌਜੂਦ ਸਨ।

By admin

Related Post