Breaking
Mon. Dec 1st, 2025

ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀ ਕਰਤਾਰਪੁਰ ’ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

ਡਿਪਟੀ ਕਮਿਸ਼ਨਰ

– ਕਿਹਾ, ਪੰਜਾਬ ਸਰਕਾਰ ਨੇ ਮੰਡੀਆਂ ’ਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ, ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ

ਕਰਤਾਰਪੁਰ (ਜਲੰਧਰ), 24 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਰਤਾਰਪੁਰ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਹਨ ਅਤੇ ਕਿਸਾਨਾਂ ਨੂੰ ਖ਼ਰੀਦ ਸੀਜ਼ਨ ਦੌਰਾਨ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਉਪਜ ਦਾ ਦਾਣਾ-ਦਾਣਾ ਖਰੀਦ ਕਰਨ ਲਈ ਵਚਨਬੱਧ ਹੈ, ਜਿਸ ਦੇ ਮੱਦੇਨਜ਼ਰ ਮੰਡੀਆਂ ਵਿੱਚ ਝੋਨੇ ਦੀ ਆਮਦ, ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਸਾਲ ਝੋਨੇ ਦੀ ਖ਼ਰੀਦ ਪਿਛਲੇ ਵਰ੍ਹਿਆਂ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਹੋਰ ਦਿਨ ਮਿਲ ਸਕਣ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਫ਼ਸਲ ਦੀ ਚੁਕਾਈ ਅਤੇ ਅਦਾਇਗੀ ਨਾਲੋ-ਨਾਲ ਯਕੀਨੀ ਬਣਾਈ ਜਾਵੇਗੀ।

ਬਲਕਾਰ ਸਿੰਘ ਅਤੇ ਡਾ. ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਪੂਰੀ ਤਰ੍ਹਾਂ ਪੱਕ ਜਾਣ ’ਤੇ ਹੀ ਕਟਾਈ ਕਰਨ, ਤਾਂ ਜੋ ਨਮੀ ਦੀ ਮਾਤਰਾ ਵੱਧ ਨਾ ਹੋਵੇ ਅਤੇ ਫ਼ਸਲ ਦੀ ਖ਼ਰੀਦ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਢੰਗ ਨਾਲ ਹੋ ਸਕੇ।

ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਦਾ ਪ੍ਰਬੰਧਨ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਮਸ਼ੀਨਰੀ ਦੀ ਵਰਤੋਂ ਕਰਕੇ ਕਰਨ ਦੀ ਅਪੀਲ ਵੀ ਕੀਤੀ, ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।

ਇਸ ਮੌਕੇ ਪਿੰਡ ਪੱਤੜ ਕਲਾਂ ਦੇ ਕਿਸਾਨ ਸੰਤੋਖ ਸਿੰਘ, ਜਿਸ ਦੀ ਫ਼ਸਲ ਦੀ ਢੇਰੀ ਦੀ ਅੱਜ ਖ਼ਰੀਦ ਕੀਤੀ ਗਈ, ਨੇ ਮੰਡੀ ਵਿੱਚ ਫ਼ਸਲ ਦੀ ਤੁਰੰਤ ਖ਼ਰੀਦ ਅਤੇ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਪ੍ਰਗਟਾਇਆ।

By admin

Related Post