ਜਲੰਧਰ 29 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿੱਚ ਇੰਡੀਅਨ ਏਅਰ ਫੋਰਸ ਦੀ ਚੱਲ ਰਹੀ ਓਪਨ ਭਰਤੀ ਰੈਲੀ ਦੌਰਾਨ ਅੱਜ ਉਮੀਦਵਾਰਾਂ ਦੀ ਲਿਖ਼ਤੀ ਪ੍ਰੀਖਿਆ ਤੋਂ ਇਲਾਵਾ ਗਰੁੱਪ ਡਿਸਕਸ਼ਨ ਕਰਵਾਈ ਗਈ।
ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਉਮੀਦਵਾਰਾਂ ਵੱਲੋਂ ਲਿਖ਼ਤੀ ਪ੍ਰੀਖਿਆ ਪਾਸ ਕਰ ਲਈ ਗਈ ਹੈ, ਉਨ੍ਹਾਂ ਨੂੰ ਅੱਜ ਗਰੁੱਪ ਡਿਸਕਸ਼ਨ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਮੀਦਵਾਰਾਂ ਦੇ ਮੈਂਟਲ ਐਬਿਲਿਟੀ ਅਤੇ ਮਨੋਵਿਗਿਆਨ ਟੈਸਟ ਆਦਿ ਵੀ ਲਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਟੈਸਟਾਂ ਤੋਂ ਬਾਅਦ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਲਈ ਮਿਤੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 1 ਏਅਰਮੈਨ ਸਿਲੈਕਸ਼ਨ ਸੈਂਟਰ, ਏਅਰ ਫੋਰਸ ਅੰਬਾਲਾ ਤੋਂ ਭਰਤੀ ਰੈਲੀ ਲਈ 140 ਅਧਿਕਾਰੀ/ਕਰਮਚਾਰੀਆਂ ਦੀਆਂ ਟੀਮਾਂ ਆਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਗਰੁੱਪ ਕੈਪਟਨ ਐਸ.ਵੀ.ਜੀ ਰੈਡੀ, ਵਿੰਗ ਕਮਾਂਡਰ ਸ਼ਵੇਤਾ ਚੌਧਰੀ, ਵਿੰਗ ਕਮਾਂਡਰ ਸੱਜਾ ਸ੍ਰੀ ਚੈਤਨਿਆ, ਵਿੰਗ ਕਮਾਂਡਰ ਏ ਗੁਨਾਸ਼ੇਖਰ ਅਤੇ ਵਿੰਗ ਕਮਾਂਡਰ ਵਿਕਟਰ ਅਹੰਥਮ ਆਦਿ ਸਮੇਤ 20 ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਹੀ ਤਕਨੀਕੀ ਟੀਮਾਂ ਹਨ, ਜਿਨ੍ਹਾਂ ਵਿੱਚੋਂ ਕੁਝ ਪ੍ਰੀਖਿਆਵਾਂ ਲੈ ਰਹੀਆਂ ਹਨ ਅਤੇ ਕੁਝ ਫਿਜ਼ੀਕਲ ਟੈਸਟ ਲੈ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਲੜਕਿਆਂ ਲਈ ਭਰਤੀ ਰੈਲੀ 30 ਅਗਸਤ 2025 ਨੂੰ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਭਰਤੀ ਰੈਲੀ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਦੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।