Breaking
Tue. Sep 23rd, 2025

ਪਿੰਡਾਂ ਦੀ ਨੁਹਾਰ ਬਦਲਣਗੇ ਨਵੇਂ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ : ਮੋਹਿੰਦਰ ਭਗਤ

ਨਵੇਂ ਪੰਚਾਇਤ ਘਰ

ਜਲੰਧਰ 13 ਅਗਸਤ (ਨਤਾਸ਼ਾ)- ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਆਧੁਨਿਕੀਕਰਨ ਵੱਲ ਇਕ ਹੋਰ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਦੇ 500 ਪਿੰਡਾਂ ਵਿੱਚ ਨਵੇਂ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ ਬਣਾਏ ਜਾਣਗੇ, ਜੋ ਪਿੰਡ ਵਾਸੀਆਂ ਲਈ ਸਰਕਾਰੀ ਸੇਵਾਵਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣਗੇ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਇਹ ਪੰਚਾਇਤ ਘਰ ਨਾ ਸਿਰਫ਼ ਪਿੰਡ ਦੀ ਪ੍ਰਸ਼ਾਸਕੀ ਗਤੀਵਿਧੀਆਂ ਦਾ ਕੇਂਦਰ ਹੋਣਗੇ, ਸਗੋਂ ਇਨ੍ਹਾਂ ਵਿੱਚ ਡਿਜ਼ਿਟਲ ਸੁਵਿਧਾਵਾਂ ਨਾਲ ਲੈਸ ਕਾਮਨ ਸਰਵਿਸ ਸੈਂਟਰ ਵੀ ਹੋਣਗੇ, ਜਿੱਥੇ ਨਿਵਾਸੀਆਂ ਨੂੰ ਜਨਮ-ਮੌਤ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਪੈਨਸ਼ਨ, ਬਿਜਲੀ ਬਿਲ, ਆਨਲਾਈਨ ਫਾਰਮ, ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਇਕ ਹੀ ਛੱਤ ਹੇਠ ਮਿਲੇਗਾ।

ਮਾਨ ਸਰਕਾਰ ਦਾ ਮਕਸਦ ਹੈ ਕਿ ਪਿੰਡ ਵਾਸੀਆਂ ਨੂੰ ਸ਼ਹਿਰਾਂ ਦੇ ਬਰਾਬਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਹੈ ਕਿ ਪਿੰਡ ਵਾਸੀਆਂ ਨੂੰ ਸ਼ਹਿਰਾਂ ਦੇ ਬਰਾਬਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਦੂਰ-ਦੂਰ ਨਾ ਜਾਣਾ ਪਵੇ। ਇਹ ਪ੍ਰੋਜੈਕਟ ਡਿਜ਼ਿਟਲ ਪੰਜਾਬ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਕਦਮ ਹੈ।

ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਢਾਂਚੇ, ਸਫਾਈ ਪ੍ਰਣਾਲੀ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਵੱਡੇ ਪੱਧਰ ’ਤੇ ਸੁਧਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਅਜਿਹੀਆਂ ਪਹਿਲਕਦਮੀਆਂ ਪੰਜਾਬ ਦੇ ਪਿੰਡਾਂ ਨੂੰ ਆਧੁਨਿਕ, ਸੁਵਿਧਾਜਨਕ ਅਤੇ ਖੁਸ਼ਹਾਲ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੀਆਂ।

By admin

Related Post