• 200 ਤੋਂ ਵੱਧ ਸਿਲੰਡਰ ਗਾਇਬ ; ਮੁਲਜ਼ਮ ਸਿਲੰਡਰਾਂ ਸਮੇਤ ਕਾਬੂ
ਹੁਸ਼ਿਆਰਪੁਰ, 6 ਅਪ੍ਰੈਲ (ਤਰਸੇਮ ਦੀਵਾਨਾ)- ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੀ ਪੁਲਿਸ ਚੌਕੀ ਨਸਰਾਲਾ ਨੇ ਇੱਕ ਗੈਸ ਸਰਵਿਸ ਦੇ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਸਿਲੰਡਰ ਚੋਰੀ ਕਰਨ ਅਤੇ ਹੇਰਾਫੇਰੀ ਕਰਨ ਦੇ ਦੋਸ਼ ਹੇਠ ਇੱਕ ਕਰਿੰਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਗੋਦਾਮ ਦੇ ਦੇਖ-ਰੇਖ ਕਰਤਾ ਕੰਵਰਦੀਪ ਸਿੰਘ ਪੁੱਤਰ ਚਾਨਣ ਰਾਮ ਵਾਸੀ ਜਲੰਧਰ ਦੇ ਬਿਆਨਾਂ ਦੇ ਅਧਾਰ ‘ਤੇ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ:-
ਕੰਵਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਰਾਮ ਨਗਰ ਢੇਹਾ ਵਿਖੇ ਸਥਿਤ ‘ਕੇਡੀ ਗੈਸ ਸਰਵਿਸ’ ਦੀ ਦੇਖ-ਰੇਖ ਕਰਦਾ ਹੈ, ਜਿਸ ਦਾ ਗੋਦਾਮ ਪਿੰਡ ਤਲਵੰਡੀ ਕਾਨੂੰਗੋ ਵਿਖੇ ਹੈ। ਗੋਦਾਮ ਵਿੱਚ ਪਿੰਡ ਪੰਡੋਰੀ ਰੰਗੂਏ ਦਾ ਰਹਿਣ ਵਾਲਾ ਸੰਜੀਵ ਕੁਮਾਰ ਬਤੌਰ ਵਰਕਰ ਕੰਮ ਕਰਦਾ ਸੀ ਅਤੇ ਉਸ ਕੋਲ ਹੀ ਗੋਦਾਮ ਦਾ ਸਾਰਾ ਲੇਖਾ-ਜੋਖਾ ਹੁੰਦਾ ਸੀ।
ਚੈਕਿੰਗ ਦੌਰਾਨ ਖੁੱਲ੍ਹਿਆ ਭੇਤ:-
ਸ਼ਿਕਾਇਤਕਰਤਾ ਅਨੁਸਾਰ ਫਰਵਰੀ ਮਹੀਨੇ ਵਿੱਚ ਕੰਪਨੀ ਐੱਚਪੀਸੀਐਲ ਦੇ ਸੇਲਜ਼ ਅਫਸਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਸਟਾਕ ਪੂਰਾ ਪਾਇਆ ਗਿਆ ਸੀ। ਪਰ ਜਦੋਂ ਮਾਰਚ ਮਹੀਨੇ ਵਿੱਚ ਕੰਵਰਦੀਪ ਸਿੰਘ ਨੇ ਸੰਜੀਵ ਕੁਮਾਰ ਨੂੰ ਦੁਬਾਰਾ ਸਟਾਕ ਚੈੱਕ ਕਰਵਾਉਣ ਲਈ ਕਿਹਾ, ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਸ਼ੱਕ ਪੈਣ ‘ਤੇ ਜਦੋਂ ਖੁਦ ਗੋਦਾਮ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਸਿਲੰਡਰ ਘੱਟ ਪਾਏ ਗਏ ਗਿਣਤੀ ਕਰਨ ‘ਤੇ ਪਤਾ ਲੱਗਾ ਕਿ ਗੋਦਾਮ ਵਿੱਚੋਂ 14.2 ਕਿੱਲੋ ਵਾਲੇ 87 ਸਿਲੰਡਰ, 5 ਕਿੱਲੋ ਵਾਲੇ: 124 ਸਿਲੰਡਰ ਗਾਇਬ ਸਨ|
ਕਥਿਤ ਦੋਸ਼ੀ ਕਾਬੂ, ਪੁਲਿਸ ਵੱਲੋਂ ਮਾਮਲਾ ਦਰਜ
ਕੰਵਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸੰਜੀਵ ਕੁਮਾਰ ਕੋਲੋਂ ਇਸ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਅਤੇ ਕੰਮ ‘ਤੇ ਆਉਣਾ ਬੰਦ ਕਰ ਦਿੱਤਾ। ਉਸ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਕਰਨ ਦੇ ਬਾਵਜੂਦ ਵੀ ਉਹ ਟਾਲ ਮਟੋਲ ਕਰਦਾ ਰਿਹਾ ਜਿਸ ਤੋਂ ਤੰਗ ਆ ਕੇ ਉਨ੍ਹਾਂ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਉਪਰੰਤ ਪੁਲਿਸ ਨੇ ਕੰਵਰਦੀਪ ਸਿੰਘ ਦੇ ਬਿਆਨਾਂ ‘ਤੇ ਸੰਜੀਵ ਕੁਮਾਰ ਖ਼ਿਲਾਫ਼ BNS ਦੀ ਧਾਰਾ 318(4) ਅਤੇ 306 ਦੇ ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਸੰਜੀਵ ਕੁਮਾਰ ਨੂੰ ਕਾਬੂ ਕਰ ਲਿਆ ਹੈ। ਏ.ਐਸ.ਆਈ. ਸਰਬਜੀਤ ਸਿੰਘ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

