-ਅਸ਼ਵੀਰ ਨੇ 189 ਦੌੜਾਂ, ਧਰੁਵ ਨੇ 54 ਦੌੜਾਂ ਅਤੇ ਗੇਂਦਬਾਜ਼ੀ ਵਿੱਚ ਧਰੁਵ ਨੇ 7 ਅਤੇ ਆਰੀਅਨ ਅਰੋੜਾ ਨੇ 3 ਵਿਕਟਾਂ ਲਈਆਂ
ਹੁਸ਼ਿਆਰਪੁਰ 9 ਜੂਨ (ਤਰਸੇਮ ਦੀਵਾਨਾ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-23 ਅੰਤਰ ਜ਼ਿਲ੍ਹਾ ਕ੍ਰਿਕਟ ਮੁਕਾਬਲੇ ਵਿੱਚ, ਹੁਸ਼ਿਆਰਪੁਰ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 183 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 327 ਦੌੜਾਂ ਬਣਾਈਆਂ। ਜਿਸ ਵਿੱਚ ਅਸ਼ਵੀਰ ਸਿੰਘ ਨੇ 189 ਦੌੜਾਂ, ਧਰੁਵ ਬਗਾਨੀਆ ਨੇ 54 ਦੌੜਾਂ, ਪ੍ਰਥਮ ਸਚਦੇਵਾ ਨੇ 45 ਦੌੜਾਂ ਅਤੇ ਮਨਵੀਰ ਸਿੰਘ ਹੀਰ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਫਤਿਹਗੜ੍ਹ ਸਾਹਿਬ ਲਈ ਗੇਂਦਬਾਜ਼ੀ ਕਰਦਿਆਂ ਨੰਦੂ ਗੁਪਤਾ, ਆਰੀਅਨ ਅਰੋੜਾ, ਸਕਸ਼ਮ ਕਠਿਆਲ ਨੇ 1-1 ਵਿਕਟ ਲਈ।
ਟੀਚੇ ਦਾ ਪਿੱਛਾ ਕਰਦਿਆਂ ਫਤਿਹਗੜ੍ਹ ਸਾਹਿਬ ਦੀ ਟੀਮ 23.2 ਓਵਰਾਂ ਵਿੱਚ ਸਿਰਫ਼ 144 ਦੌੜਾਂ ‘ਤੇ ਆਲ ਆਊਟ ਹੋ ਗਈ। ਸਕਸ਼ਮ ਸਿੰਗਲਾ ਨੇ ਮੈਚ ਵਿੱਚ 67 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਲਈ ਧਰੁਵ ਬਗਾਨੀਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 7 ਵਿਕਟਾਂ ਲਈਆਂ। ਆਰੀਅਨ ਅਰੋੜਾ ਨੇ 2 ਅਤੇ ਦੀਪਕ ਕੁਮਾਰ ਨੇ 1 ਵਿਕਟ ਲਈ। ਡਾ. ਰਮਨ ਘਈ ਨੇ ਹੁਸ਼ਿਆਰਪੁਰ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਪੂਰੀ ਟੀਮ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਹੁਸ਼ਿਆਰਪੁਰ ਟੀਮ ਦੀ ਇਸ ਵੱਡੀ ਜਿੱਤ ‘ਤੇ ਐਚਡੀਸੀਏ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ. ਪੰਕਜ ਸ਼ਿਵ ਅਤੇ ਸੰਯੁਕਤ ਸਕੱਤਰ ਵਿਵੇਕ ਸਾਹਨੀ ਨੇ ਸਮੂਹ ਐਸੋਸੀਏਸ਼ਨ ਵੱਲੋਂ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਹੁਸ਼ਿਆਰਪੁਰ ਟੀਮ ਦੀ ਇਸ ਜਿੱਤ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਕ੍ਰਿਕਟਰ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਸ਼ਰਮਾ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਸਖ਼ਤ ਮਿਹਨਤ ਅਤੇ ਲਗਨ ਨਾਲ ਵਧੀਆ ਪ੍ਰਦਰਸ਼ਨ ਕਰਨ ਲਈ ਕਿਹਾ।