Breaking
Mon. Jun 16th, 2025

ਦੇਸ਼ ਭਗਤਾਂ ਵੱਲੋਂ ਡਾ. ਸਵਰਾਜਬੀਰ ਦਾ ਸਨਮਾਨ ਅਤੇ ਅਮਰੀਕੀ ਇਜ਼ਰਾਈਲੀ ਹਾਕਮਾਂ ਦੇ ਮਾਰੂ ਹੱਲਿਆਂ ਦੀ ਨਿੰਦਾ

ਡਾ. ਸਵਰਾਜਬੀਰ

ਜਲੰਧਰ 9 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸਖਸ਼ੀਅਤ, ਕਵੀ, ਲੋਕ-ਜ਼ਿੰਦਗੀ ਦਾ ਸਿਰਮੌਰ ਪੱਤਰਕਾਰ ਗ਼ਦਰੀ ਬਾਬਿਆਂ ਦੇ ਮੇਲੇ ਅੰਦਰ ਇੱਕ ਤੋਂ ਵਧਕੇ ਇੱਕ ਖੂਬਸੂਰਤ ਨਾਟਕ, ਨਾਟਕਾਂ ਭਰੀ ਰਾਤ ਦੇ ਮੱਥੇ ਚੰਨ ਵਾਂਗ ਜੜਨ ਵਾਲੇ ਨਾਟਕਕਾਰ ਡਾ. ਸਵਰਾਜਬੀਰ ਦਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕਰਨ ਦੀ ਖੁਸ਼ੀ ਮਾਣੀ ਗਈ।

ਇਹ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਡਾ. ਸਵਰਾਜਬੀਰ ਨੇ ਕਾਫ਼ੀ ਸਮਾਂ ਲਾਇਬ੍ਰੇਰੀ, ਮਿਊਜ਼ੀਅਮ ਅਤੇ ਕਿਤਾਬ-ਘਰ ਵਿੱਚ ਗੁਜ਼ਾਰਿਆ। ਉਹ ਅਗਲੇ ਮਹੀਨਿਆਂ ਵਿੱਚ ਪੰਜਾਬੀ ਸਾਹਿਤ, ਗੀਤ-ਸੰਗੀਤ, ਰੰਗ ਮੰਚ ਅਤੇ ਵਿਚਾਰ-ਮੰਥਨ ਦੇ ਖੇਤਰ ਵਿੱਚ ਕਿਸੇ ਨਾ ਕਿਸੇ ਸਬੱਬ ਨਾਲ ਇਤਿਹਾਸਕ ਵਿਰਾਸਤ ਦੀਆਂ ਸਾਹਿਤਕ ਸਭਿਆਚਾਰਕ ਕਦਰਾਂ ਕੀਮਤਾਂ ਸਾਡੇ ਸਮਿਆਂ ਦੀਆਂ ਹਾਨਣਾ ਕਿਵੇਂ ਨੇ ਅਤੇ ਭਵਿੱਖ਼ ਵਿੱਚ ਕੀ ਕਰਨਾ ਲੋੜੀਏ ਖੋਜ ਕਾਰਜ ਦੇ ਸਬੰਧ ਵਿੱਚ ਦੇਸ਼ ਭਗਤ ਯਾਦਗਾਰ ਹਾਲ ਆਏ ਸਨ।

ਪੁਸਤਕਾਂ ਦੇ ਸੈੱਟ ਨਾਲ ਡਾ. ਸਵਰਾਜਬੀਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ

ਪੁਸਤਕਾਂ ਦੇ ਸੈੱਟ ਨਾਲ ਡਾ. ਸਵਰਾਜਬੀਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਦੇ ਸੀਨੀਅਰ ਟਰੱਸਟੀ ਗੁਰਮੀਤ ਮੌਜੂਦ ਸਨ। ਉਹਨਾਂ ਨੇ ਡਾ. ਸਵਰਾਜਬੀਰ ਨੂੰ ਇਸ ਵਰੇ ਗ਼ਦਰੀ ਗੁਲਾਬ ਕੌਰ ਨੂੰ ਸਮਰਪਤ ਕੀਤੇ ਜਾ ਰਹੇ ਮੇਲੇ ਵਿੱਚ ਹਰ ਵਾਰ ਦੀ ਤਰਾਂ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ।

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਦੇਸ਼ ਭਗਤ ਕਮੇਟੀ ਨੇ ਅੱਜ ਦੁਨੀਆਂ ਦੀ ਪ੍ਰਸਿੱਧ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ, ਫਰਾਂਸ, ਜਰਮਨ, ਸਪੇਨ, ਨੀਦਰਲੈਂਡ ਆਦਿ ਦੇ ਵਫ਼ਦ ਦੀ ਅਗਵਾਈ ਵਿੱਚ ਭੁੱਖਮਰੀ ਦਾ ਸ਼ਿਕਾਰ ਗਾਜ਼ਾ ਫਲਸਤੀਨ ਵਾਸੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਜਹਾਜ਼ ਨੂੰ ਇਜ਼ਰਾਈਲ ਵੱਲੋਂ ਪਹਿਲਾਂ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਦੇਣ ਅਤੇ ਫ਼ਿਰ ਫੌਜੀ ਜਹਾਜ਼ਾਂ ਡਰੋਨਾਂ ਰਾਹੀਂ ਮਾਰੂ ਕੈਮੀਕਲ ਦਾ ਛਿੜਕਾਅ ਕਰਕੇ ਰਾਹਤ ਸਮੱਗਰੀ ਵਾਲੇ ਵਫ਼ਦ ਨੂੰ ਡੱਕਣ ਲਈ ਕੀਤੀਆਂ ਗੈਰ-ਮਾਨਵੀ ਅਤੇ ਸਿਰੇ ਦੀਆਂ ਹੈਂਕੜ ਭਰੀਆਂ ਕਾਰਵਾਈਆਂ ਦੀ ਤਿੱਖੀ ਆਲੋਚਨਾ ਕੀਤੀ ਗਈ। ਉਹਨਾਂ ਕਿਹਾ ਕਿ ਰਾਹਤ ਸਮੱਗਰੀ ਲੈ ਕੇ ਜਾ ਰਹੇ ਵਫ਼ਦ ਨੂੰ ਇਜ਼ਰਾਈਲੀ ਹਾਕਮਾਂ ਵੱਲੋਂ ਗ੍ਰਿਫ਼ਤਾਰ ਕਰਨਾ ਮਾਨਵੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।

ਅਮਰੀਕਾ ਦੇ ਸ਼ਹਿਰ ਲਾਸ ਏਂਜ਼ਲਸ ਵਿੱਚ ਪ੍ਰਵਾਸੀ ਕਾਮਿਆਂ ਦੇ ਉਜਾੜੇ ਖ਼ਿਲਾਫ਼ ਜਨਤਕ ਪ੍ਰਤੀਰੋਧ ਨੂੰ ਦਬਾਉਣ ਲਈ ਟਰੰਪ ਹਕੂਮਤ ਵੱਲੋਂ ਸ਼ਹਿਰ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰਨ ਅਤੇ ਲੋਕਾਂ ਉਪਰ ਕਹਿਰ ਢਾਹੁਣ ਅਤੇ ਫ਼ਲਸਤੀਨੀ ਲੋਕਾਂ ਲਈ ਰਾਹਤ ਸਮੱਗਰੀ ਰੋਕਣ ਵਿਰੁੱਧ, ਦੁਨੀਆਂ ਭਰ ਵਿੱਚ ਵਸਦੇ ਗ਼ਦਰੀਆਂ ਦੇ ਵਾਰਸ ਭਾਰਤ ਵਾਸੀਆਂ ਨੂੰ ਆਵਾਜ਼ ਉਠਾਉਣ ਦੀ ਕਮੇਟੀ ਨੇ ਅਪੀਲ ਕੀਤੀ ਹੈ।

By admin

Related Post