ਹੁਸ਼ਿਆਰਪੁਰ 9 ਮਾਰਚ ( ਤਰਸੇਮ ਦੀਵਾਨਾ ) – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਿਆ ਬਜਟ ਸੂਬੇ ਦੇ ਇਤਿਹਾਸ ਵਿੱਚੋ ਸਭ ਤੋਂ ਖਰਾਬ ਬਜਟਾਂ ਵਿੱਚੋਂ ਇੱਕ ਬੱਜਟ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਸਰਕਾਰ ਦੀ ਵਿੱਤੀ ਸੋਚ ਤੋਂ ਭਰੋਸਾ ਖੋਹ ਚੁੱਕੇ ਹਨ ਅਤੇ ਇਹ ਬਜਟ ਉਨ੍ਹਾਂ ਦੀ ਨਿਰਾਸ਼ਾ ਨੂੰ ਹੋਰ ਵਧਾਉਂਦਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪ੍ਰਮਾਰ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਪੇਸ਼ ਕੀਤਾ ਗਿਆ ਬੱਜਟ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਲਈ ਝੂਠ ਦਾ ਇੱਕ ਪੁਲੰਦਾ ਹੈ। ਉਨ੍ਹਾਂ ਸੂਬੇ ‘ਤੇ ਵੱਧ ਰਹੇ ਕਰਜ਼ੇ ਦਾ ਜ਼ਿਕਰ ਕਰਦਿਆਂ, ਆਪ ਸਰਕਾਰ ‘ਤੇ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਵਿਜ਼ਨ ਵਾਲੀਆਂ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ, ਜਿਸ ਨਾਲ ਪੰਜਾਬ ਦੀ ਅਰਥ ਵਿਵਸਥਾ ਕਮਜ਼ੋਰ ਹੋ ਗਈ ਹੈ।
ਰੰਗਲਾ ਪੰਜਾਬ ਬਣਾਉਣ ਦੀ ਬਜਾਏ ਇਸਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ
ਉਹਨਾਂ ਆਪ ਦੇ “ਬਦਲਾਵ “ਦੇ ਨਾਰੇ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਇਸਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਵਿੱਤੀ ਮਾੜੇ ਪ੍ਰਬੰਧਾਂ ਦਾ ਅਖੀਰਕਾਰ ਭਾਰ ਆਮ ਲੋਕਾਂ ‘ਤੇ ਪਵੇਗਾ ਅਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਹੋਇਆ ਨੁਕਸਾਨ ਪੂਰਾ ਕਰਨ ਵਿੱਚ ਸਾਲ ਲੱਗ ਜਾਣਗੇ। ।ਉਨ੍ਹਾਂ ਬਜਟ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਬੇਰੰਗ ਕਰਾਰ ਦਿੰਦਿਆਂ, ਕਿਹਾ ਕਿ ਇਹ ਇੱਕ ਸ਼ਰਮਨਾਕ ਗੱਲ ਹੈ ਕਿ ਕਿਸਾਨ ਪ੍ਰਧਾਨ ਸੂਬੇ ਵਿੱਚ ਕਿਸਾਨਾਂ ਲਈ ਕੋਈ ਢੁੱਕਵੇਂ ਕਦਮ ਨਹੀਂ ਐਲਾਨੇ ਗਏ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਉਦਯੋਗਿਕ ਖੇਤਰ ਲਈ ਵੀ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਚਾਰ ਸਾਲ ਤੱਕ ਇਸ ਸਰਕਾਰ ਨੇ ਮਹਿਲਾਵਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਹੁਣ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਹੁਣ ਸਰਕਾਰ ਨੂੰ ਅਚਾਨਕ ਆਪਣਾ ਵਾਅਦਾ ਯਾਦ ਆ ਗਿਆ ਹੈ।
ਜੇਕਰ ਸਰਕਾਰ ਸੱਚਮੁੱਚ ਗੰਭੀਰ ਹੁੰਦੀ ਤਾਂ ਪਿਛਲੇ ਚਾਰ ਸਾਲਾਂ ਦੇ ਬਕਾਇਆ ਪੈਸੇ ਵੀ ਦੇਣ ਦਾ ਐਲਾਨ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਇਸ ਸਿਆਸਤ ਪ੍ਰੇਰਿਤ’ ਕਦਮ ਨੂੰ ਸਮਝਣ ਲਈ ਕਾਫ਼ੀ ਸਿਆਣੀਆਂ ਹਨ। ਉਨ੍ਹਾਂ ਕਿਹਾ ਕਿ ਯੂ-ਟਰਨ, ਟੁੱਟੇ ਵਾਅਦੇ, ਝੂਠ ਅਤੇ ਦੋਹਰਾਪਣ ਮਾਨ ਸਰਕਾਰ ਦੀ ਪਹਚਾਣ ਬਣ ਚੁੱਕੀ ਹੈ । ਉਹਨਾਂ ਕਿਹਾ ਕਿ ਹੁਣ ਇਹ ਸਰਕਾਰ ਪੰਜਾਬ ਦੇ ਤਿੰਨ ਕਰੋੜ ਲੋਕਾਂ ਅੱਗੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਉਹਨਾ ਕਿਹਾ ਕਿ ਆਪ ਸਰਕਾਰ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗਾ।

