Breaking
Mon. Jul 6th, 2026

‘ਚੋਰੀ- ਮਿਹਣਾ,ਯਾਰੀ ਮੇਹਣਾ ਮਿਹਨਤ ਦਾ ਕੀ ਮਿਹਣਾ’: ਪਾਪੀ ਪੇਟ ਲਈ ਕੜਕਦੀ ਧੁੱਪ ‘ਚ ਛੱਲੀਆਂ ਵੇਚ ਰਹੀ ਪ੍ਰਵਾਸੀ ਔਰਤ ਨੇ ਪੇਸ਼ ਕੀਤੀ ਮਿਸਾਲ

ਮਿਹਨਤ

​ਹੁਸ਼ਿਆਰਪੁਰ 6 ਜੁਲਾਈ (ਤਰਸੇਮ ਦੀਵਾਨਾ ) – ਸਿਆਣੇ ਕਹਿੰਦੇ ਹਨ ਕਿ ‘ਚੋਰੀ ਮਿਹਣਾ, ਯਾਰੀ ਮਿਹਣਾ, ਪਰ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ।’ ਇਸੇ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਇੱਕ ਪ੍ਰਵਾਸੀ ਔਰਤ ਨੇ, ਜੋ ਸਮਾਜ ਦੇ ਤਾਹਨਿਆਂ-ਮਿਹਣਿਆਂ ਦੀ ਪਰਵਾਹ ਕੀਤੇ ਬਿਨਾਂ, ਸਿਰਫ਼ ਅਤੇ ਸਿਰਫ਼ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ (ਪਾਪੀ ਪੇਟ ਦੇ ਸਵਾਲ) ਲਈ ਦਿਨ-ਰਾਤ ਇੱਕ ਕਰ ਰਹੀ ਹੈ। ​ਅੱਜ ਦੇ ਦੌਰ ਵਿੱਚ ਜਿੱਥੇ ਕਈ ਲੋਕ ਮਿਹਨਤ ਕਰਨ ਤੋਂ ਕਤਰਾਉਂਦੇ ਹਨ, ਉੱਥੇ ਹੀ ਇਹ ਹਿੰਮਤੀ ਪ੍ਰਵਾਸੀ ਔਰਤ ਕੜਕਦੀ ਧੁੱਪ ਦੇ ਵਿੱਚ ਸੜਕ ਕਿਨਾਰੇ ਬੈਠ ਕੇ ਛੱਲੀਆਂ ਭੁੰਨਣ ਦਾ ਕੰਮ ਕਰ ਰਹੀ ਹੈ।

ਹੈਰਾਨੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਉਹ ਇਸ ਕੜਕਦੀ ਗਰਮੀ ਵਿੱਚ ਨਾ ਕੇਵਲ ਆਪਣੇ ਛੋਟੇ ਬੱਚੇ ਨੂੰ ਸੰਭਾਲ ਰਹੀ ਹੈ, ਬਲਕਿ ਨਾਲ ਦੀ ਨਾਲ ਬੜੀ ਲਗਨ ਨਾਲ ਗਾਹਕਾਂ ਨੂੰ ਅਟੈਂਡ ਕਰਦੀ ਹੈ ਅਤੇ ਉਨ੍ਹਾਂ ਨੂੰ ਗਰਮਾ-ਗਰਮ ਛੱਲੀਆਂ ਭੁੰਨ ਕੇ ਦਿੰਦੀ ਹੈ। ਮੌਕੇ ‘ਤੇ ਦੇਖਿਆ ਗਿਆ ਕਿ ਔਰਤ ਇੱਕੋ ਸਮੇਂ ਤਿੰਨ-ਤਿੰਨ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ। ਇੱਕ ਪਾਸੇ ਮਾਂ ਦੀ ਮਮਤਾ ਹੈ, ਜਿੱਥੇ ਉਹ ਆਪਣੇ ਬੱਚੇ ਦੀ ਦੇਖਭਾਲ ਕਰ ਰਹੀ ਹੈ, ਅਤੇ ਦੂਜੇ ਪਾਸੇ ਢਿੱਡ ਦੀ ਅੱਗ ਬੁਝਾਉਣ ਲਈ ਕੋਲਿਆਂ ਦੀ ਅੱਗ ਸਾਹਮਣੇ ਬੈਠ ਕੇ ਛੱਲੀਆਂ ਭੁੰਨ ਰਹੀ ਹੈ।

ਆਉਣ-ਜਾਣ ਵਾਲੇ ਗਾਹਕਾਂ ਨਾਲ ਉਸ ਦਾ ਨਿਮਰਤਾ ਭਰਿਆ ਵਿਵਹਾਰ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।ਇਸ ਬਹਾਦਰ ਔਰਤ ਦੀ ਇਹ ਹਿੰਮਤ ਉਨ੍ਹਾਂ ਲੋਕਾਂ ਦੇ ਮੁੱਖ ‘ਤੇ ਇੱਕ ਕਰਾਰੀ ਚਪੇੜ ਹੈ ਜੋ ਹੱਥ-ਪੈਰ ਹੁੰਦਿਆਂ ਵੀ ਕੰਮ ਕਰਨ ਤੋਂ ਚੋਰੀ ਕਰਦੇ ਹਨ ਜਾਂ ਗ਼ਲਤ ਰਸਤਿਆਂ ‘ਤੇ ਚੱਲਦੇ ਹਨ। ਇਹ ਪ੍ਰਵਾਸੀ ਔਰਤ ਸਾਬਤ ਕਰ ਰਹੀ ਹੈ ਕਿ ਜੇਕਰ ਮਨ ਵਿੱਚ ਇਮਾਨਦਾਰੀ ਅਤੇ ਮਿਹਨਤ ਦੀ ਭਾਵਨਾ ਹੋਵੇ, ਤਾਂ ਕੋਈ ਵੀ ਮੁਸ਼ਕਿਲ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਲੋਕਾਂ ਵੱਲੋਂ ਇਸ ਮਿਹਨਤੀ ਔਰਤ ਦੇ ਜਜ਼ਬੇ ਨੂੰ ਸਲਾਮ ਕੀਤਾ ਜਾ ਰਿਹਾ ਹੈ।

By admin

Related Post