Breaking
Tue. Mar 31st, 2026

ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ : ਸੰਤ ਨਿਰਮਲ ਦਾਸ ਜੀ ਬਾਬੇ ਜੋੜੇ

ਦਮੜੀ ਸ਼ੋਭਾ ਯਾਤਰਾ

ਹੁਸ਼ਿਆਰਪੁਰ 31 ਮਾਰਚ ( ਤਰਸੇਮ ਦੀਵਾਨਾ ) – “ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵੱਲੋਂ ਜਲੰਧਰ ਤੋਂ ਹਰਿਦੁਆਰ ਤੱਕ ਸਜਾਈ ਜਾ ਰਹੀ ‘ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ‘ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਤੇ ਉੱਘੇ ਅਧਿਆਤਮਕ ਰਹਿਬਰ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਨੇ ਦੱਸਿਆ ਕਿ ਇਹ ਯਾਤਰਾ ਗੁਰੂ ਸਾਹਿਬ ਦੇ ਮਾਨਵਤਾਵਾਦੀ ਸੰਦੇਸ਼ ਅਤੇ ਉਨ੍ਹਾਂ ਦੇ ਜੀਵਨ ਦੇ ਇਤਿਹਾਸਕ ਪਲਾਂ ਨੂੰ ਸਮਰਪਿਤ ਹੈ। ਉਹਨਾਂ ਦੱਸਿਆ ਕਿ ਇਹ ਵਿਸ਼ਾਲ ਸ਼ੋਭਾ ਯਾਤਰਾ 3 ਅਪ੍ਰੈਲ ਨੂੰ ਦੁਪਹਿਰ 1 ਵਜੇ ਰੇਲਵੇ ਸਟੇਸ਼ਨ ਜਲੰਧਰ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ 4 ਅਪ੍ਰੈਲ ਨੂੰ ਹਰਿਦੁਆਰ ਵਿਖੇ ਨਿਰਮਲਾ ਛਾਉਣੀ ਪਹੁੰਚੇਗੀ ਉਸ ਤੋ ਉਪਰੰਤ 4ਮਾਰਚ ਨੂੰ ਹੀ ਨਿਰਮਲਾ ਛਾਉਣੀ ਆਸ਼ਰਮ ਤੋਂ ਹਰਿ ਕੀ ਪਾਉੜੀ ਤੱਕ ਪੈਦਲ ਯਾਤਰਾ ਹੋਵੇਗੀ ।

5 ਅਪ੍ਰੈਲ ਨੂੰ ਹਰਿਦੁਆਰ ਵਿਖ਼ੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ

ਉਹਨਾਂ ਯਾਤਰਾ ਦੇ ਅਗਲੇ ਪੜਾਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 5 ਅਪ੍ਰੈਲ ਨੂੰ ਹਰਿਦੁਆਰ ਵਿਖ਼ੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਸ ਤੋਂ ਬਾਅਦ ਕੀਰਤਨ ਦਰਬਾਰ ਸਜਾਏ ਜਾਣਗੇ । ਧਾਰਮਿਕ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਪੰਜਾਬ ਲਈ ਵਾਪਸੀ ਕਰਨਗੀਆਂ।ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ “ਬੇਗਮਪੁਰਾ” ਅਜਿਹੇ ਸ਼ਹਿਰ ਦਾ ਸੰਕਲਪ ਦਿੱਤਾ ਸੀ ਜਿੱਥੇ ਕੋਈ ਦੁੱਖ ਜਾਂ ਭੇਦਭਾਵ ਨਾ ਹੋਵੇ। ਇਸੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਇਹ ਯਾਤਰਾ ਜਲੰਧਰ ਦੀ ਪਵਿੱਤਰ ਧਰਤੀ ਤੋਂ ਆਰੰਭ ਹੋ ਕੇ ਹਰਿਦੁਆਰ (ਉੱਤਰਾਖੰਡ) ਵਿਖੇ ਸੰਪੂਰਨ ਹੋਵੇਗੀ।

ਉਹਨਾਂ ਕਿਹਾ ਕਿ “ਇਹ ਯਾਤਰਾ ਕੇਵਲ ਇੱਕ ਪੈਂਡਾ ਨਹੀਂ, ਸਗੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ‘ਦਮੜੀ’ ਦੀ ਯਾਦ ਨੂੰ ਤਾਜ਼ਾ ਕਰਨਾ ਹੈ ਜੋ ਉਨ੍ਹਾਂ ਨੇ ਗੰਗਾ ਮਈਆ ਨੂੰ ਭੇਂਟ ਕਰਨ ਲਈ ਭੇਜੀ ਸੀ। ਉਹਨਾ ਕਿਹਾ ਕਿ ਇਹ ਸਾਡੀ ਆਸਥਾ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਇਹ ਯਾਤਰਾ ਜਲੰਧਰ ਤੋਂ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਵੇਗੀ । ਉਹਨਾਂ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਈਆ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜੇਗੀ ਉਹਨਾਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਯਾਤਰਾ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਹੋਵੇਗਾ ਉਹਨਾਂ ਕਿਹਾ ਕਿ ਸੰਗਤਾਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

By admin

Related Post