ਹੁਸ਼ਿਆਰਪੁਰ ਮੈਡੀਕਲ ਕਾਲਜ ਦਾ ਟੈਂਡਰ ਹੋਇਆ ਅਲਾਟ, ਪਰ ਜ਼ਿਲ੍ਹੇ ਵਿੱਚ ਅਜੇ ਵੀ 184 ਡਾਕਟਰਾਂ ਦੇ ਅਹੁਦੇ ਖਾਲੀ

ਹੁਸ਼ਿਆਰਪੁਰ

ਸ਼ਿਵਮ ਸ਼ਰਮਾ ਵੱਲੋਂ ਹਾਈਕੋਰਟ ਵਿੱਚ ਦਾਇਰ ਕੋਰਟ ਆਫ਼ ਕੰਟੈਂਪਟ ਕੇਸ ਵਿੱਚ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦਾ ਹਲਫਨਾਮਾ

ਹੁਸ਼ਿਆਰਪੁਰ 29 ਅਪ੍ਰੈਲ ( ਤਰਸੇਮ ਦੀਵਾਨਾ ) – ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਸ਼ਿਵਮ ਸ਼ਰਮਾ ਵੱਲੋਂ ਹਾਈਕੋਰਟ ਵਿੱਚ ਦਾਇਰ ਕੋਰਟ ਆਫ਼ ਕੰਟੈਂਪਟ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਦਾਇਰ ਤਾਜ਼ਾ ਹਲਫਨਾਮੇ ਨੇ ਇੱਕ ਵਾਰ ਫਿਰ ਜ਼ਮੀਨੀ ਹਕੀਕਤ ਸਾਹਮਣੇ ਰੱਖ ਦਿੱਤੀ ਹੈ।

14 ਜਨਵਰੀ 2026 ਨੂੰ ਪਟੀਸ਼ਨਰ ਸ਼ਿਵਮ ਸ਼ਰਮਾ ਵੱਲੋਂ ਮਾਨਯੋਗ ਅਦਾਲਤ ਵਿੱਚ ਵਿਸਥਾਰਪੂਰਵਕ ਹਲਫਨਾਮਾ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਅਦਾਲਤੀ ਹੁਕਮਾਂ ਦੀ ਪਾਲਣਾ ਵਿੱਚ ਰਹਿ ਗਈਆਂ ਕਮੀਆਂ ਅਤੇ ਬਕਾਇਆ ਕੰਮਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ 15 ਜਨਵਰੀ 2026 ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਵਾਂ ਹਲਫਨਾਮਾ ਦਾਇਰ ਕਰਕੇ ਸਪਸ਼ਟ ਟਾਈਮਲਾਈਨ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।

ਜਿਕਰਯੋਗ ਹੈ ਕਿ 29 ਜਨਵਰੀ 2020 ਨੂੰ ਜਨਹਿਤ ਪਟੀਸ਼ਨ ’ਤੇ ਫੈਸਲਾ ਸੁਣਾਇਆ ਗਿਆ ਸੀ, ਜੋ 135 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਉਠਾਏ ਗਏ ਮੁੱਦਿਆਂ ’ਤੇ ਆਧਾਰਿਤ ਸੀ। ਸਿਵਮ ਸ਼ਰਮਾ ਨੇ ਕਿਹਾ ਕਿ ਮੁੱਖ ਮੰਗ ਬੀਬੀਐੰਬੀ ਹਸਪਤਾਲ ਤਲਵਾੜਾ ਨੂੰ ਅਪਗ੍ਰੇਡ ਕਰਕੇ ਮੈਡੀਕਲ ਕਾਲਜ ਬਣਾਉਣ ਦੀ ਸੀ, ਪਰ ਨੀਤੀਗਤ ਕਾਰਨਾਂ ਕਰਕੇ ਮੈਡੀਕਲ ਕਾਲਜ ਹੁਸ਼ਿਆਰਪੁਰ ਲਈ ਮਨਜ਼ੂਰ ਕੀਤਾ ਗਿਆ। ਉਹਨਾਂ ਕਿਹਾ ਕਿ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਸਪਸ਼ਟ ਨਿਰਦੇਸ਼ ਦਿੱਤੇ ਸਨ ਕਿ ਡਾਕਟਰਾਂ ਦੇ ਖਾਲੀ ਅਹੁਦੇ 2 ਮਹੀਨਿਆਂ ਵਿੱਚ ਭਰੇ ਜਾਣ ਅਤੇ ਬੀਬੀਐੰਬੀ ਹਸਪਤਾਲ ਤਲਵਾੜਾ ਵਿੱਚ ਭਰਤੀਆਂ 3 ਹਫ਼ਤਿਆਂ ਵਿੱਚ ਪੂਰੀਆਂ ਕੀਤੀਆਂ ਜਾਣ !

ਉਹਨਾਂ ਕਿਹਾ ਕਿ ਮੈਡੀਕਲ ਕਾਲਜ ਦੀ ਪ੍ਰਕਿਰਿਆ 3 ਮਹੀਨਿਆਂ ਵਿੱਚ ਪੂਰੀ ਕਰਕੇ ਅਗਲੇ ਸੈਸ਼ਨ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਨ੍ਹਾਂ ਹੁਕਮਾਂ ਦੀ ਸਮੇਂ ਸਿਰ ਪਾਲਣਾ ਨਾ ਹੋਣ ਕਾਰਨ ਨਵੰਬਰ 2022 ਵਿੱਚ ਕੋਰਟ ਆਫ਼ ਕੰਟੈਂਪਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜੋ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਲੰਬਿਤ ਹੈ। ਕੋਰਟ ਆਫ਼ ਕੰਟੈਂਪਟ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਸਿਹਤ ਵਿਭਾਗ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਭਰ ਵਿੱਚ 1000 ਐਮ ਬੀ ਬੀ ਐਸ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਦਾਇਰ ਹਲਫਨਾਮੇ ਮੁਤਾਬਕ ਐਮ ਬੀ ਬੀ ਐਸ ਡਾਕਟਰਾਂ ਦੀ ਭਰਤੀ ਤਿੰਨ ਪੜਾਅਾਂ ਵਿੱਚ ਕੀਤੀ ਗਈ:

ਪਹਿਲਾ ਪੜਾਅ 322 ਡਾਕਟਰ ਭਰਤੀ, ਜਿਨ੍ਹਾਂ ਵਿੱਚੋਂ 20 ਹੁਸ਼ਿਆਰਪੁਰ ਵਿੱਚ ਤੈਨਾਤ

ਦੂਜਾ ਪੜਾਅ 381 ਡਾਕਟਰ ਭਰਤੀ, ਜਿਨ੍ਹਾਂ ਵਿੱਚੋਂ 23 ਹੁਸ਼ਿਆਰਪੁਰ ਨੂੰ ਦਿੱਤੇ ਗਏ

ਤੀਜਾ ਪੜਾਅ 170 ਡਾਕਟਰ ਭਰਤੀ, ਜਿਨ੍ਹਾਂ ਵਿੱਚੋਂ 27 ਹੁਸ਼ਿਆਰਪੁਰ ਵਿੱਚ ਤੈਨਾਤ ਕੀਤੇ ਗਏ

ਇਸ ਤਰ੍ਹਾਂ ਕੁੱਲ ਕਰੀਬ 70 ਡਾਕਟਰਾਂ ਦੀ ਤੈਨਾਤੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਰਸਾਈ ਗਈ ਹੈ। ਉਹਨਾਂ ਕਿਹਾ ਹਾਲਾਂਕਿ ਹਲਫਨਾਮੇ ਅਨੁਸਾਰ ਕੁੱਲ ਮਨਜ਼ੂਰਸ਼ੁਦਾ ਅਹੁਦੇ 441 ਭਰੇ ਹੋਏ ਅਹੁਦੇ 257 ਖਾਲੀ ਅਹੁਦੇ 184 ਇਹ ਅੰਕੜੇ ਖੁਦ ਦਰਸਾਉਂਦੇ ਹਨ ਕਿ ਭਰਤੀ ਦੇ ਦਾਵਿਆਂ ਦੇ ਬਾਵਜੂਦ ਜ਼ਿਲ੍ਹੇ ਵਿੱਚ ਡਾਕਟਰਾਂ ਦੀ ਭਾਰੀ ਕਮੀ ਅਜੇ ਵੀ ਬਰਕਰਾਰ ਹੈ।

ਹਲਫਨਾਮੇ ਵਿੱਚ ਹੁਸ਼ਿਆਰਪੁਰ ਮੈਡੀਕਲ ਕਾਲਜ ਪ੍ਰੋਜੈਕਟ ਸਬੰਧੀ ਹੇਠ ਲਿਖੀਆਂ ਤਰੀਖਾਂ ਦਾ ਜ਼ਿਕਰ ਕੀਤਾ ਗਿਆ ਹੈ:

ਟੈਕਨੀਕਲ ਬਿਡ ਖੋਲ੍ਹਣ ਦੀ ਤਰੀਖ 22 ਜਨਵਰੀ 2026

ਫਾਇਨੈਂਸ਼ਲ ਬਿਡ ਖੋਲ੍ਹਣ ਦੀ ਤਰੀਖ 30 ਜਨਵਰੀ 2026

ਟੈਂਡਰ ਸਫਲ ਬਿਡਰ ਨੂੰ ਅਲਾਟ ਕਰ ਦਿੱਤਾ ਗਿਆ ਹੈ ਅਤੇ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ

ਹਲਫਨਾਮੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 73 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਸ਼ਿਵਮ ਸ਼ਰਮਾ ਨੇ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਟੈਂਡਰ ਅਲਾਟ ਹੋਣ ਤੱਕ ਕੋਰਟ ਆਫ਼ ਕੰਟੈਂਪਟ ਕੇਸ ਵਿੱਚ ਤਿੰਨ ਸਾਲ ਤੋਂ ਵੱਧ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ 73 ਆਮ ਆਦਮੀ ਕਲੀਨਿਕ ਪ੍ਰਾਈਮਰੀ ਹੈਲਥ ਕੇਅਰ ਤਾਂ ਦੇ ਸਕਦੇ ਹਨ, ਪਰ ਬੀਬੀਐੰਬੀ ਹਸਪਤਾਲ ਤਲਵਾੜਾ ਵਿੱਚ ਗਾਇਨੇਕੋਲੋਜਿਸਟ ਦੀ ਸਥਾਈ ਨਿਯੁਕਤੀ ਅਜੇ ਵੀ ਵੱਡੀ ਸਮੱਸਿਆ ਬਣੀ ਹੋਈ ਹੈ।

ਸ਼ਿਵਮ ਸ਼ਰਮਾ ਦੇ ਅਨੁਸਾਰ ਪਿਛਲੇ 6 ਮਹੀਨਿਆਂ ਵਿੱਚ 5 ਵਾਰ ਗਾਇਨੇਕੋਲੋਜਿਸਟ ਡਾਕਟਰਾਂ ਦੇ ਆਰਡਰ ਜਾਰੀ ਹੋਏ, ਪਰ ਹੁਕਮਾਂ ਦੇ ਬਾਵਜੂਦ ਡਾਕਟਰਾਂ ਨੇ ਜੁਆਇਨ ਨਹੀਂ ਕੀਤਾ। ਇੱਥੋਂ ਤੱਕ ਕਿ ਹਲਫਨਾਮੇ ਵਿੱਚ ਦਰਸਾਏ ਗਏ ਗਾਇਨੇਕੋਲੋਜਿਸਟ ਨੇ ਵੀ ਡਿਊਟੀ ਜੁਆਇਨ ਨਹੀਂ ਕੀਤੀ। ਹਾਲ ਹੀ ਵਿੱਚ 1 ਅਪ੍ਰੈਲ ਦੀ ਅਦਾਲਤੀ ਤਾਰੀਖ ਤੋਂ ਪਹਿਲਾਂ 6 ਗਾਇਨੇਕੋਲੋਜਿਸਟ ਡਾਕਟਰਾਂ ਨੂੰ ਹਫ਼ਤੇ ਵਿੱਚ ਇੱਕ-ਇੱਕ ਦਿਨ ਲਈ ਤੈਨਾਤ ਕੀਤਾ ਗਿਆ ਹੈ।

ਪਟੀਸ਼ਨਰ ਦੇ ਮੁਤਾਬਕ ਇਹ ਕੋਈ ਸਥਾਈ ਹੱਲ ਨਹੀਂ ਹੈ।

ਸ਼ਿਵਮ ਸ਼ਰਮਾ ਨੇ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਬਾਕੀ ਰਹਿੰਦੇ ਕੰਮ ਵੀ ਜਲਦੀ ਪੂਰੇ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਉਨ੍ਹਾਂ ਇੱਕ ਨਵੀਂ ਪਟੀਸ਼ਨ ਵੀ ਦਾਇਰ ਕੀਤੀ ਹੈ, ਜਿਸ ਵਿੱਚ ਬੀਬੀਐੰਬੀ ਹਸਪਤਾਲ ਤਲਵਾੜਾ ਨੂੰ ਏਮਜ਼ ਬਿਲਾਸਪੁਰ ਨਾਲ ਜੋੜਨ ਅਤੇ ICU ਅਤੇ ਟ੍ਰੌਮਾ ਕੇਅਰ ਵਰਗੀਆਂ ਸੁਵਿਧਾਵਾਂ ਵਿਕਸਿਤ ਕਰਨ ਦੀ ਮੰਗ ਕੀਤੀ ਗਈ ਹੈ।

ਕੋਰਟ ਆਫ਼ ਕੰਟੈਂਪਟ ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ, ਜਦਕਿ ਬੀਬੀਐੰਬੀ ਹਸਪਤਾਲ ਸਬੰਧੀ ਨਵੀਂ ਦਾਇਰ ਪੀ ਆਈ ਐਲ ਦੀ ਅਗਲੀ ਤਾਰੀਖ 13 ਮਈ ਨਿਰਧਾਰਤ ਕੀਤੀ ਗਈ ਹੈ।

By admin

Related Post