ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਹਰ ਨਾਗਰਿਕ ਦਾ ਸਵਿਧਾਨਕ ਹੱਕ : ਬਲਵੀਰ ਸਿੰਘ ਸੈਣੀ
ਹੁਸ਼ਿਆਰਪੁਰ, 23 ਜੁਲਾਈ, ( ਤਰਸੇਮ ਦੀਵਾਨਾ ) – ਪੰਜਾਬ ਸਰਕਾਰ ਦੇ ਇਸ਼ਾਰੇ ਤੇ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਉਪਰ ਪੁਲਿਸ ਵੱਲੋਂ ਬੇਰਹਿਮੀ ਅਤੇ ਵਿਹਸ਼ੀ ਢੰਗ ਨਾਲ ਕੀਤਾ ਗਿਆ ਲਾਠੀਚਾਰਜ ਅੱਤ ਨਿੰਦਣ ਯੋਗ ਹੈ ਅਤੇ ਇਹ ਸਰਕਾਰ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਬਣਦੇ ਹੱਕ ਦੇਣ ਦੀ ਬਜਾਦੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ਉਪਰ ਬੇਦਰਦੀ ਨਾਲ ਲਾਠੀਆਂ ਵਰ੍ਹਾ ਰਹੀ ਹੈ। ਇਸੇ ਹੀ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਵੀ ਜੰਤਰ ਮੰਤਰ ਤੇ ਆਪਣੀਆਂ ਹੱਕਾਂ ਲਈ ਜੂਝ ਰਹੇ ਨੌਜਵਾਨਾਂ ਤੇ ਵੀ ਵੈਸ਼ੀ ਢੰਗ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਦੋਵਾਂ ਜਗ੍ਹਾ ਤੇ ਪੁਲਿਸ ਦੁਆਰਾ ਕੀਤੇ ਜਾ ਰਹੇ ਲਾਠੀ ਚਾਰਜ ਦੀ ਚੁਫੇਰਿਓ ਨਿੰਦਾ ਹੋ ਰਹੀ ਹੈ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਸਫਾਈ ਸੇਵਕਾਂ ਨੂੰ ਵੱਡੇ ਪੱਧਰ ਤੇ ਹਮਦਰਦੀ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ।
ਪੰਜਾਬ ਸਟੇਟ ਪੈਨਸ਼ਨਰ ਕਨਫਰਡਰੇਸ਼ਨ ਦੇ ਵਧੀਕ ਜਨਰਲ ਸਕੱਤਰ ਬਲਬੀਰ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਨੌਜਵਾਨਾਂ ਤੇ ਹੋਏ ਲਾਠੀ ਚਾਰਜ ਦੀ ਨਿੰਦਾ ਕਰਦਾ ਨਹੀਂ ਥੱਕਦਾ ਅਤੇ ਹੋਏ ਲਾਠੀਚਾਰਜ ਕਾਰਨ ਮੋਦੀ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ਼ਾਰੇ ਤੇ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਤੇ ਕੀਤੇ ਵਹਿਸ਼ੀ ਲਾਠੀ ਚਾਰਜ ਬਾਰੇ ਮੌਨ ਧਾਰਿਆ ਹੋਇਆ ਹੈ। ਇਹ ਗੰਦੀ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਕਰਮਚਾਰੀਆਂ ਉਪਰ, ਫ਼ਿਰ ਨੇਰਗਾ ਕਰਮਚਾਰੀਆਂ ਅਤੇ ਮਜ਼ਦੂਰਾਂ ਉਪਰ ਅਤੇ ਹੁਣ ਸਫ਼ਾਈ ਕਰਮਚਾਰੀਆਂ ਉਪਰ ਜੋ ਬਹੁਤ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਘਟੀਆ ਅਤੇ ਨਿੰਦਣ ਯੋਗ ਵਰਤਾਰਾ ਹੈ। ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ਉਪਰ ਲਾਠੀਆਂ ਵਰਾਉਣਾ ਸੰਵਿਧਾਨ ਦੀ ਉਲੰਘਣਾ ਹੈ।
ਸਫ਼ਾਈ ਕਰਮਚਾਰੀਆਂ ਉਪਰ ਬੇਰਹਿਮੀ ਤੇ ਵੈਹਸੀ ਢੰਗ ਨਾਲ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ
ਉਹਨਾਂ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਉਪਰ ਬੇਰਹਿਮੀ ਤੇ ਵੈਹਸੀ ਢੰਗ ਨਾਲ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਹੈ ਕਿ ਇਸ ਘਨਾਉਣੀ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਦੇਸ਼ ਅੰਦਰ ਸਭ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਪੂਰਨ ਹੱਕ ਹੈ ਪਰ ਸਰਕਾਰ ਦੇ ਦਬਾਅ ਨਾਲ ਪੰਜਾਬ ਦੇ ਮਜ਼ਦੂਰਾਂ ਦੀ ਆਵਾਜ਼ ਨੂੰ ਦੱਬਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ 07 ਅਗਸਤ ਨੂੰ ਦਾਣਾ ਮੰਡੀ, ਸੈਕਟਰ 39 ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ, ਤਾਂ ਜੋ ਇਕੱਠੇ ਹੋ ਕੇ ਇਨ੍ਹਾਂ ਜਾਬਰ ਸਰਕਾਰਾਂ ਦਾ ਮੂੰਹ ਭੰਨਿਆ ਜਾ ਸਕੇ।

