ਹੁਸ਼ਿਆਰਪੁਰ, 22 ਜੁਲਾਈ (ਤਰਸੇਮ ਦੀਵਾਨਾ ) – ਦੇਸ਼ ਵਿੱਚ ਮੌਜੂਦਾ ਹਕੂਮਤ ਵੱਲੋਂ ਲੋਕਤੰਤਰੀ ਮੁੱਲਾਂ ਦਾ ਘਾਣ ਕਰਦਿਆਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੀ ਆਵਾਜ਼ ਨੂੰ ਡੰਡੇ ਅਤੇ ਗੋਲੀਆਂ ਦੇ ਜ਼ੋਰ ‘ਤੇ ਦਬਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਸਕੱਤਰ ਜਨਰਲ ਬਰਿੰਦਰ ਸਿੰਘ ਪਰਮਾਰ ਨੇ ਪ੍ਰੈੱਸ ਦੇ ਨਾਂ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟਾਉਣ ਅਤੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਚੁੱਕਣ ਦਾ ਪੂਰਾ ਅਧਿਕਾਰ ਦਿੰਦਾ ਹੈ, ਪ੍ਰੰਤੂ ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਲਈ ਗੁੰਡਾਗਰਦੀ ਅਤੇ ਡੰਡਾਤੰਤਰ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਤੋਂ ਮੰਗ ਕੀਤੀ ਕਿ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਅਤੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਮੌਜੂਦਾ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਕੇ ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾਵੇ।
ਪੁਲਿਸ ਦੇ ਨਾਲ-ਨਾਲ ਬਿਨਾਂ ਵਰਦੀਆਂ ਤੋਂ ਹੱਥਾਂ ਵਿੱਚ ਡਾਂਗਾਂ ਲੈ ਕੇ ਸ਼ਰੇਆਮ ਕੁੱਟਮਾਰ ਕਰਦੇ ਸਰਕਾਰੀ ਗੁੰਡੇ ਸਾਫ਼ ਨਜ਼ਰ ਆ ਰਹੇ ਹਨ
ਬਰਿੰਦਰ ਸਿੰਘ ਪਰਮਾਰ ਨੇ ਆਖਿਆ ਕਿ ਦਿੱਲੀ ਦੇ ਜੰਤਰ-ਮੰਤਰ ਵਿਖੇ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਭਵਿੱਖੀ ਮੰਗਾਂ ਨੂੰ ਲੈ ਕੇ ਪੂਰਨ ਅਮਨ-ਅਮਾਨ ਨਾਲ ਧਰਨਾ ਦੇ ਰਹੇ ਦੇਸ਼ ਦੇ ਹੋਣਹਾਰ ਨੌਜਵਾਨ ਲੜਕੇ ਅਤੇ ਲੜਕੀਆਂ ‘ਤੇ ਜਿਸ ਬੇਰਹਿਮੀ ਨਾਲ ਪੁਲਿਸੀਆ ਲਾਠੀਚਾਰਜ ਕੀਤਾ ਗਿਆ ਹੈ, ਉਸ ਨੇ ਪੂਰੀ ਦੁਨੀਆ ਵਿੱਚ ਭਾਰਤੀ ਲੋਕਤੰਤਰ ਦਾ ਸਿਰ ਝੁਕਾ ਦਿੱਤਾ ਹੈ। ਮੀਡੀਆ ਰਾਹੀਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੁਲਿਸ ਦੇ ਨਾਲ-ਨਾਲ ਬਿਨਾਂ ਵਰਦੀਆਂ ਤੋਂ ਹੱਥਾਂ ਵਿੱਚ ਡਾਂਗਾਂ ਲੈ ਕੇ ਸ਼ਰੇਆਮ ਕੁੱਟਮਾਰ ਕਰਦੇ ਸਰਕਾਰੀ ਗੁੰਡੇ ਸਾਫ਼ ਨਜ਼ਰ ਆ ਰਹੇ ਹਨ। ਉਨ੍ਹਾਂ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਨ੍ਹਾਂ ਨਕਾਬਪੋਸ਼ ਹਮਲਾਵਰਾਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਜ਼ਮਾਨਤੀ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਅਕਾਲੀ ਨੇਤਾ ਨੇ ਅੱਗੇ ਕਿਹਾ ਕਿ ਨੀਟ (NEET) ਪ੍ਰੀਖਿਆ ਸਮੇਤ ਹੋਰ ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਪੇਪਰ ਲਗਾਤਾਰ ਲੀਕ ਹੋਣ ਕਾਰਨ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਉੱਤੇ ਪਾਣੀ ਫਿਰ ਰਿਹਾ ਹੈ। ਵਿਦਿਆਰਥੀ ਵਰਗ ਇਸ ਨਾਕਾਮੀ ਲਈ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਜ਼ਿੰਮੇਵਾਰ ਮੰਨ ਰਿਹਾ ਹੈ ਅਤੇ ਕਿਸੇ ਵੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਸਾਹਮਣੇ ਆਉਣ ‘ਤੇ ਸਬੰਧਤ ਮੰਤਰੀ ਦਾ ਅਸਤੀਫ਼ਾ ਮੰਗਣਾ ਵਿਦਿਆਰਥੀਆਂ ਦਾ ਜਾਇਜ਼ ਹੱਕ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਭਗਤੀ ਦਾ ਡਰਾਮਾ ਕਰਨ ਵਾਲੀ ਸਰਕਾਰ ਆਪਣੇ ਮੰਤਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਏ ਦੇਸ਼ ਦੇ ਨੌਜਵਾਨਾਂ ਦੀ ਬਲੀ ਲੈਣ ‘ਤੇ ਤੁਲੀ ਹੋਈ ਹੈ, ਜਿਸ ਨੂੰ ਦੇਸ਼ ਦਾ ਨੌਜਵਾਨ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

