Breaking
Fri. Sep 25th, 2026

ਖੇਡਾਂ ਵਤਨ ਪੰਜਾਬ ਦੀਆਂ ‘ਚ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨਾਲ ਘੋਰ ਅਣਿਆਂ

ਖੇਡਾਂ ਵਤਨ ਪੰਜਾਬ ਦੀਆਂ

ਜਿੱਤਣ ਦੇ ਬਾਵਜੂਦ ਨਹੀਂ ਮਿਲੇਗਾ ਸਰਟੀਫਿਕੇਟ ਤੇ ਜੇਤੂ ਰਾਸ਼ੀ

​ਹੁਸ਼ਿਆਰਪੁਰ, 25 ਸਤੰਬਰ ( ਤਰਸੇਮ ਦੀਵਾਨਾ ) – ​ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉੱਦਮ ਵਜੋਂ “ਖੇਡਾਂ ਵਤਨ ਪੰਜਾਬ ਦੀਆਂ” (ਚੌਥਾ ਸੀਜ਼ਨ) ਕਰਵਾਈਆਂ ਜਾ ਰਹੀਆਂ ਹਨ। ‘ਇਹ ਖੇਡਾਂ ਖਿਡਾਰੀਆਂ ਵਿੱਚ ਰੋਸ ਦਾ ਕਾਰਨ ਬਣਦੀਆਂ ਨਜ਼ਰ ਆ ਰਹੀਆਂ ਹਨ। 23 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਖੇਡਾਂ ਦੀ ਮਿਸ਼ਾਲ ਆਉਣ ਨਾਲ ਸ਼ੁਰੂ ਹੋਏ ਇਸ ਖੇਡ ਮਹਾਕੁੰਭ ਦੇ ਪਹਿਲੇ ਪੜਾਅ ਵਜੋਂ ਬਲਾਕ ਪੱਧਰੀ ਮੁਕਾਬਲੇ ਸਤੰਬਰ ਤੋਂ 12 ਸਤੰਬਰ ਤੱਕ ਮੁਕੰਮਲ ਤਾਂ ਕਰਵਾਏ ਗਏ। ਪਰ ਇਹਨਾਂ ਖੇਡਾਂ ਵਿੱਚ ਖਿਡਾਉਣ ਵਾਲੇ ਸਟਾਫ ਅਤੇ ਬੜੀ ਵੱਡੀ ਘਾਟ ਵੇਖਣ ਨੂੰ ਮਿਲੀ ਅਤੇ ਉਸ ਸਮੇਂ ਹੋਰ ਵੀ ਹੈਰਾਨੀ ਹੋਈ ਜਦੋਂ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਜੇਤੂ ਸਰਟੀਫਿਕੇਟ ਅਤੇ ਜੇਤੂ ਰਾਸ਼ੀ ਨਹੀਂ ਦਿੱਤੀ ਜਾਵੇਗੀ।

ਖੇਡਾਂ ਵਤਨ ਪੰਜਾਬ ਦੀਆਂ’ (ਚੌਥਾ ਸੀਜ਼ਨ) ਦੇ ਦੂਜੇ ਪੜਾਅ ਵਜੋਂ ਹੁਣ ਜ਼ਿਲ੍ਹਾ ਪੱਧਰੀ ਖੇਡਾਂ 27 ਸਤੰਬਰ ਤੋਂ 5 ਅਕਤੂਬਰ ਤੱਕ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ, ਟਾਂਡਾ ਵਿਖੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ​ਪ੍ਰੰਤੂ ਇਨ੍ਹਾਂ ਖੇਡਾਂ ਦੇ ਨਿਯਮਾਂ ਨੇ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਨਿਰਾਸ਼ਾ ਦੇ ਸਮੁੰਦਰ ਵਿੱਚ ਧੱਕ ਦਿੱਤਾ ਹੈ। ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਬਣਾਏ ਗਏ ਨਵੇਂ ਨਿਯਮਾਂ ਮੁਤਾਬਕ, 40 ਸਾਲ ਤੋਂ ਉੱਪਰ ਦੀ ਉਮਰ ਦੇ ਖਿਡਾਰੀ ਚਾਹੇ ਬਲਾਕ, ਜ਼ਿਲ੍ਹਾ ਜਾਂ ਸੂਬਾ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਨ, ਉਹਨਾਂ ਨੂੰ ਕੋਈ ਵੀ ਨਕਦ ਜੇਤੂ ਰਾਸ਼ੀ ਜਾਂ ਪ੍ਰਮਾਣ ਪੱਤਰ (ਸਰਟੀਫਿਕੇਟ) ਨਹੀਂ ਦਿੱਤਾ ਜਾਵੇਗਾ।

​ਖਿਡਾਰੀਆਂ ਵਿੱਚ ਭਾਰੀ ਰੋਸ

ਵੱਡੀ ਉਮਰ ਦੇ ਖਿਡਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਾ ਸਿਰਫ਼ ਉਨ੍ਹਾਂ ਨਾਲ ਵਿਤਕਰਾ ਹੈ, ਸਗੋਂ ਸਿੱਧੇ ਤੌਰ ‘ਤੇ ਵੱਡੀ ਬੇਇਨਸਾਫ਼ੀ ਹੈ। ਜਿਹੜੇ ਖਿਡਾਰੀ ਇਸ ਉਮਰ ਵਿੱਚ ਵੀ ਖੇਡਾਂ ਪ੍ਰਤੀ ਆਪਣਾ ਸਮਰਪਣ ਦਿਖਾਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਹਨ, ਉਨ੍ਹਾਂ ਦੀ ਮਿਹਨਤ ਅਤੇ ਹੌਸਲੇ ‘ਤੇ ਇਹ ਨਿਯਮ ਪਾਣੀ ਫੇਰ ਰਿਹਾ ਹੈ। ਖਿਡਾਰੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਇਸ ਨਿਯਮ ‘ਤੇ ਮੁੜ ਵਿਚਾਰ ਕਰੇ ਅਤੇ 40 ਸਾਲ ਤੋਂ ਵੱਧ ਉਮਰ ਦੇ ਜੇਤੂਆਂ ਨੂੰ ਵੀ ਬਣਦਾ ਮਾਣ-ਸਤਿਕਾਰ, ਸਰਟੀਫਿਕੇਟ ਅਤੇ ਜੇਤੂ ਰਾਸ਼ੀ ਮੁਹੱਈਆ ਕਰਵਾਏ। ਨਹੀਂ ਤਾਂ ਇਹ ਖੇਡਾਂ ਕੇਵਲ ਲੋਕ ਦਿਖਾਵਾ, ਫਰਜ਼ੀ ਵਾੜਾ ਅਤੇ ਵਡੇਰੀ ਉਮਰ ਦੇ ਖਿਡਾਰੀਆਂ ਨਾਲ ਬੇਇਨਸਾਫ ਹੋਵੇਗਾ।

By admin

Related Post