Breaking
Fri. Sep 25th, 2026

ਯਾਤਰਾਵਾਂ ਨਾਲ ਨਹੀਂ, ਨਸ਼ੇ ਦੀਆ ਮੁਢੋਂ ਜੜ੍ਹਾ ਵੱਡਣ ਨਾਲ ਹੀ ਬਣੇਗਾ ਨਸ਼ਾ ਮੁਕਤ ਪੰਜਾਬ : ਬੇਗਮਪੁਰਾ ਟਾਈਗਰ ਫੋਰਸ

ਯਾਤਰਾਵਾਂ

ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਸਿਰਫ਼ ਨਸ਼ੇੜੀਆਂ ਨੂੰ ਕੇਂਦਰਾਂ ਵਿੱਚ ਭੇਜਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ : ਬੀਰਪਾਲ ਠਰੋਲੀ, ਹੈਪੀ ਫਤਿਹਗੜ੍ਹ

ਹੁਸ਼ਿਆਰਪੁਰ, 25 ਸਤੰਬਰ (ਤਰਸੇਮ ਦੀਵਾਨਾ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ’ਤੇ ਟਿੱਪਣੀ ਕਰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਸਿਰਫ਼ ਯਾਤਰਾਵਾਂ ਕੱਢਣ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਯਾਤਰਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਿਆਸੀ ਸਰਗਰਮੀ ਵਧਾਉਣ ਅਤੇ ਪੰਜਾਬ ਵਿੱਚ ਆਪਣੀ ਸਿਆਸੀ ਪਹੁੰਚ ਬਣਾਉਣ ਦੀ ਕੋਸ਼ਿਸ਼ ਵਜੋਂ ਕੱਢੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਭਾਜਪਾ ਵੱਲ 18 ਤੋਂ 30 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਢੀ ਜਾਣ ਵਾਲੀ ਯਾਤਰਾ ਇਕ ਚੋਣ ਸਟੰਟ ਅਤੇ ਦੁਨੀਆ ਨੂੰ ਭਰਮਾਉਣ ਲਈ ਇੱਕ ਸ਼ੋਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯਾਤਰਾਵਾਂ ਕੱਢਣ ਨਾਲ ਹੀ ਨਸ਼ਾ ਖ਼ਤਮ ਹੋ ਸਕਦਾ ਹੁੰਦਾ ਤਾਂ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰਾਂ ਅਤੇ ਇਲਾਜ ਦੀ ਲੋੜ ਨਾ ਪੈਂਦੀ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਅਸਲ ਲੋੜ ਨਸ਼ੇ ਦੀ ਸਪਲਾਈ ਦੇ ਸਰੋਤ ਨੂੰ ਬੰਦ ਕਰਨ ਅਤੇ ਵੱਡੇ ਤਸਕਰਾਂ ਤੇ ਨੈੱਟਵਰਕ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਹੈ ਨਾ ਕਿ ਯਾਤਰਾ ਕੱਢਣ ਦੀ ।

ਬੀਰਪਾਲ ਠਰੋਲੀ ਅਤੇ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਵਿੱਚ ਅਕਸਰ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਫੜ ਕੇ ਇਲਾਜ ਜਾਂ ਨਸ਼ਾ ਮੁਕਤੀ ਕੇਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ। ਪਰ ਜੇਕਰ ਇਲਾਜ ਤੋਂ ਬਾਅਦ ਉਹ ਮੁੜ ਉਸੇ ਮਾਹੌਲ ਵਿੱਚ ਵਾਪਸ ਆ ਕੇ ਨਸ਼ਾ ਕਰਨ ਲੱਗ ਪੈਂਦਾ ਹੈ ਤਾਂ ਸਿਰਫ਼ ਅਜਿਹੀ ਕਾਰਵਾਈ ਨਾਲ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਨਸ਼ੇ ਦੀ ਸਪਲਾਈ ਕਰਨ ਵਾਲੇ ਵੱਡੇ ਤਸਕਰਾਂ ਅਤੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਨਸ਼ਿਆਂ ਕਾਰਨ ਵੱਡੀ ਕੀਮਤ ਚੁਕਾਈ ਹੈ ਅਤੇ ਨਸ਼ਿਆਂ ਨੇ ਅਨੇਕਾਂ ਪਰਿਵਾਰਾਂ ਨੂੰ ਉਜਾੜਕੇ ਰੱਖ ਦਿੱਤਾ ਹੈ। ਇਸ ਲਈ ਨਸ਼ਾ ਮੁਕਤੀ ਦੇ ਨਾਮ ’ਤੇ ਸਿਆਸੀ ਯਾਤਰਾਵਾਂ ਦੀ ਬਜਾਏ ਨਸ਼ੇ ਦੀ ਜੜ੍ਹ ਤੱਕ ਪਹੁੰਚ ਕੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੋਜ਼ਗਾਰ, ਸਿੱਖਿਆ, ਖੇਡਾਂ ਅਤੇ ਹੁਨਰ ਵਿਕਾਸ ਦੇ ਮੌਕੇ ਵਧਾਉਣ ਦੇ ਨਾਲ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਦੀ ਪ੍ਰਣਾਲੀ ਨੂੰ ਵੀ ਮਜ਼ਬੂਤ ਕਰਨਾ ਲਾਜ਼ਮੀ ਹੈ।

ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਸਿਆਸੀ ਦੋਸ਼-ਪ੍ਰਤੀਦੋਸ਼ ਤੋਂ ਉੱਪਰ ਉੱਠ ਕੇ ਨਸ਼ਿਆਂ ਖ਼ਿਲਾਫ਼ ਜ਼ਮੀਨੀ ਪੱਧਰ ’ਤੇ ਨਤੀਜਾ ਦੇਣ ਵਾਲੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਜਿੱਥੋਂ ਪੰਜਾਬ ਵਿੱਚ ਪਹੁੰਚ ਰਿਹਾ ਹੈ, ਉਸ ਰਸਤੇ ਨੂੰ ਬੰਦ ਕਰਨ ਦੇ ਨਾਲ ਵੱਡੇ ਤਸਕਰਾਂ ਅਤੇ ਸਪਲਾਈ ਨੈੱਟਵਰਕ ਨਾਲ ਜੁੜੇ ਲੋਕਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਅਸਲ ਲੜਾਈ ਨੌਜਵਾਨਾਂ ਨੂੰ ਬਚਾਉਣ ਦੇ ਨਾਲ-ਨਾਲ ਨਸ਼ੇ ਦੀ ਸਪਲਾਈ ਨੂੰ ਜੜ੍ਹ ਤੋਂ ਖ਼ਤਮ ਕਰਨ ਨਾਲ ਹੀ ਜਿੱਤੀ ਜਾ ਸਕਦੀ ਹੈ ਕਿ ਉਨਾਂ ਦੇ ਨਾਲ ਬੇਗਮਪੁਰਾ ਟਾਇਗਰ ਫੋਰਸ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।

By admin

Related Post