ਹੁਸ਼ਿਆਰਪੁਰ 5 ਦਸੰਬਰ (ਤਰਸੇਮ ਦੀਵਾਨਾ)- ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਦੇ ਜਥਿਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਧੀਨ ਕਰਵਾਏ ਜਾ ਰਹੇ ਗਿਆਰਾਂ ਰੋਜ਼ਾ ਗੁਰਮਤਿ ਸਮਾਗਮਾਂ ਦੀ ਚੜ੍ਹਦੀਕਲਾ ਵਿੱਚ ਸੰਪੂਰਨਤਾ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੀਰਤਨ ਕੌਂਸਲ ਦੇ ਪ੍ਰਧਾਨ ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ ਅਤੇ ਚੇਅਰਮੈਨ ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਵਲੋਂ ਰੋਜ਼ਾਨਾਂ ਪਿੰਡ ਮਿਰਜ਼ਾਪੁਰ (ਧਾਲੀਵਾਲ), ਪਿੰਡ ਨੌਸ਼ਹਿਰਾ, ਪਿੰਡ ਕੋਟਲੀ ਬਾਵਾ ਦਾਸ, ਪਿੰਡ ਲਾਂਬੜਾ, ਬੁਲੋਵਾਲ, ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ, ਪਿੰਡ ਮਾਂਗਾ, ਪਿੰਡ ਮਿਰਜ਼ਾਪੁਰ ਜੰਡੇ, ਪਿੰਡ ਭਟੋਲੀਆਂ (ਸਵੇਰੇ ਅਮ੍ਰਿਤਵੇਲੇ) ਅਤੇ ਆਖਰੀ ਸਮਾਗਮ ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵਿਖੇ ਕਰਵਾਏ ਗਏ।
ਇਨ੍ਹਾਂ ਸਮਾਗਮਾਂ ਵਿੱਚ ਭਾਈ ਜਸਵਿੰਦਰ ਸਿੰਘ ਦਸੂਹਾ ਵਾਲੇ, ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ ਵਾਲੇ, ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ, ਭਾਈ ਜਸਵੀਰ ਸਿੰਘ ਭਟੋਲੀਆਂ ਵਾਲੇ, ਭਾਈ ਜਸਪ੍ਰੀਤ ਸਿੰਘ ਬਾਬਕ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ, ਭਾਈ ਅਮਰੀਕ ਸਿੰਘ ਕਬੀਰਪੁਰ, ਭਾਈ ਦਲਜੀਤ ਸਿੰਘ ਕੰਧਾਲਾ ਜੱਟਾਂ ਦੇ ਜਥਿਆਂ ਨੇ ਕਥਾ-ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਰੋਜ਼ਾਨਾਂ ਗੁਰਦੁਆਰਾ ਪ੍ਰਬੰਧਕਾਂ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ ਨੇ ਅਕਾਲ ਪੁਰਖ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

