Breaking
Fri. Jul 24th, 2026

ਡੇਰਾ ਸੰਤ ਟਹਿਲ ਦਾਸ ਲੁਧਿਆਣਾ ਵਿਖੇ 31 ਜੁਲਾਈ ਨੂੰ ਮਨਾਈ ਜਾਵੇਗੀ ਸੰਤ ਧਿਆਨ ਦਾਸ ਜੀ ਦੀ ਬਰਸੀ : ਸੰਤ ਸਰਵਣ ਦਾਸ

ਸੰਤ ਟਹਿਲ ਦਾਸ

ਹੁਸ਼ਿਆਰਪੁਰ 24 ਜੁਲਾਈ ( ਤਰਸੇਮ ਦੀਵਾਨਾ ) – ਡੇਰਾ 108 ਸੰਤ ਟਹਿਲ ਦਾਸ (ਸੰਤ ਤਹਿਲ ਨਗਰ), ਸਲੇਮ ਟਾਬਰੀ ਲੁਧਿਆਣਾ ਵਿਖੇ ਮੌਜੂਦਾ ਗੱਦੀ ਨਸ਼ੀਨ ਆਦਿ ਧਰਮ ਦੇ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਰਹਿਨੁਮਾਈ ਹੇਠ ਬਾਬਾ ਧਿਆਨ ਦਾਸ ਜੀ ਦੀ ਸਲਾਨਾ ਬਰਸੀ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਸਮਾਗਮ ਸਬੰਧੀ 29 ਜੁਲਾਈ ਦਿਨ ਬੁੱਧਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਕੇ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਭੋਗ ਪਾਏ ਜਾਣਗੇ, ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਤ ਮਹਾਪੁਰਸ਼ ਵੀ ਹਾਜ਼ਰੀ ਭਰਨਗੇ।

​ਜ਼ਿਕਰਯੋਗ ਹੈ ਕਿ ਸੰਤ ਧਿਆਨ ਦਾਸ ਜੀ ਨੇ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ ਹੀ 22 ਫਰਵਰੀ 1993 ਨੂੰ ਆਪਣੇ ਸ਼ਿਸ਼ ਸੰਤ ਸਰਵਣ ਦਾਸ ਨੂੰ ਲੁਧਿਆਣਾ ਵਿਖੇ ਸਰਪ੍ਰਸਤੀ ਹੇਠ ਪਗੜੀ ਦੀ ਰਸਮ ਅਦਾ ਕੀਤੀ ਸੀ ਅਤੇ ਆਪ ਸੰਗਤਾਂ ਨੂੰ ਨਾਮ-ਦਾਨ ਬਖਸ਼ਦੇ ਹੋਏ 30 ਜੁਲਾਈ 1995 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਤੋਂ ਪਹਿਲਾਂ ਸੰਤ ਟਹਿਲ ਦਾਸ ਜੀ ਦੇ 1990 ਵਿੱਚ ਅਕਾਲ ਪੁਰਖ ਵਿੱਚ ਲੀਨ ਹੋਣ ਉਪਰੰਤ ਸੰਗਤਾਂ ਵੱਲੋਂ 8 ਮਾਰਚ 1990 ਨੂੰ 108 ਸੰਤ ਧਿਆਨ ਦਾਸ ਜੀ ਨੂੰ ਲੁਧਿਆਣਾ, ਬੜ੍ਹਾਲਾ, ਹੱਲੂਵਾਲ ਅਤੇ ਮਾਧੋਪੁਰ ਡੇਰਿਆਂ ਦੀ ਮਹੰਤੀ ਸੌਂਪੀ ਗਈ ਸੀ।

ਸੰਤ ਧਿਆਨ ਦਾਸ ਜੀ ਸੰਤ ਟਹਿਲ ਦਾਸ ਅੱਪਰਾ ਵਾਲਿਆਂ ਦੇ ਪਰਮ ਸ਼ਿਸ਼ ਹੋਏ ਹਨ

​ਸੰਤ ਧਿਆਨ ਦਾਸ ਜੀ ਸੰਤ ਟਹਿਲ ਦਾਸ ਅੱਪਰਾ ਵਾਲਿਆਂ ਦੇ ਪਰਮ ਸ਼ਿਸ਼ ਹੋਏ ਹਨ। ਜਦੋਂ 1979 ਵਿਚ ਇੰਗਲੈਂਡ ਦੀਆਂ ਸੰਗਤਾਂ ਦੇ ਸੱਦੇ ‘ਤੇ ਸੰਤ ਟਹਿਲ ਦਾਸ ਵਿਦੇਸ਼ ਯਾਤਰਾ ‘ਤੇ ਗਏ ਤਾਂ ਉਹ ਸੰਤ ਧਿਆਨ ਦਾਸ ਨੂੰ ਸਾਰੇ ਡੇਰਿਆਂ ਦੀ ਸਾਂਭ-ਸੰਭਾਲ ਦਾ ਆਦੇਸ਼ ਦੇ ਕੇ ਅੱਪਰਾ ਵਿਖੇ ਛੱਡ ਕੇ ਗਏ ਸਨ। ਇਸ ਤੋਂ ਪਹਿਲਾਂ ਸੰਤ ਟਹਿਲ ਦਾਸ ਜੀ ਨੇ ਆਪ ਦੀ ਨਿਸ਼ਕਾਮ ਸੇਵਾ ਅਤੇ ਭਗਤੀ ਭਾਵ ਤੋਂ ਪ੍ਰਭਾਵਿਤ ਹੋ ਕੇ 1968 ਵਿਚ ਆਪ ਦਾ ਗ੍ਰਹਿਸਥੀ ਨਾਂਅ ਧਨਪਤ ਰਾਏ ਤੋਂ ਬਦਲ ਕੇ ਸੰਤ ਧਿਆਨ ਦਾਸ ਰੱਖਿਆ ਸੀ।

​ਉਨ੍ਹਾਂ ਨੇ ਪਿੰਡ ਤੋੜਿੰਗਾ ਵਿਖੇ ਸੰਤ ਹਰੀ ਕ੍ਰਿਪਾਲ ਜੀ ਤੋਂ ਨਾਮ ਸ਼ਬਦ ਦਾ ਭੇਦ ਪ੍ਰਾਪਤ ਕਰਕੇ ਡੇਰੇ ਵਿਚ 14 ਸਾਲ ਨਿਸ਼ਕਾਮ ਸੇਵਾ ਅਤੇ ਸਿਮਰਨ ਕੀਤਾ ਸੀ। 26 ਜਨਵਰੀ 1904 ਨੂੰ ਪਿੰਡ ਤੋੜਿੰਗਾ (ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ) ਵਿਖੇ ਮਾਤਾ ਥੋਮੀ ਅਤੇ ਪਿਤਾ ਗੁਰਦਿੱਤਾ ਰਾਮ ਦੇ ਘਰ ਜਨਮੇ ਸੰਤ ਧਿਆਨ ਦਾਸ ਜੀ ਦੀ ਧਰਮ ਪਤਨੀ ਵਿਆਹ ਦੇ ਛੇ ਮਹੀਨੇ ਅੰਦਰ ਹੀ ਪ੍ਰਲੋਕ ਸੁਧਾਰ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਅਤੇ ਪ੍ਰਭੂ ਦੀ ਭਾਲ ਵਿੱਚ ਲੱਗ ਗਏ ਸਨ।

By admin

Related Post