ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ – ਡਾ. ਮਨਦੀਪ ਕਮਲ
ਹੁਸ਼ਿਆਰਪੁਰ, 8 ਜੁਲਾਈ (ਤਰਸੇਮ ਦੀਵਾਨਾ ) – ਬਰਸਾਤੀ ਮੌਸਮ ਦੌਰਾਨ ਮਰੀਜ਼ਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਇੰ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਨਵਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ, ਵੱਲੋਂ ਸਿਵਲ ਹਸਪਤਾਲ ਦੀਆਂ ਸਾਰੀਆਂ ਛੱਤਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ ਗਿਆ।
ਨਿਰੀਖਣ ਦੌਰਾਨ ਹਸਪਤਾਲ ਦੇ ਗਲਿਆਰਿਆਂ, ਪਖਾਨਿਆਂ, ਸਟੋਰਾਂ, ਛੱਤਾਂ, ਪਾਣੀ ਦੀਆਂ ਟੈਂਕੀਆਂ ਅਤੇ ਸਮੁੱਚੇ ਹਸਪਤਾਲ ਪਰਿਸਰ ਦੀਆ ਛੱਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ।
ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਇਹ ਯਕੀਨੀ ਬਣਾਇਆ ਕਿ ਹਸਪਤਾਲ ਦੀਆਂ ਛੱਤਾਂ ਦੀ ਸਾਫ਼-ਸਫ਼ਾਈ ਦੇ ਉੱਚ ਮਿਆਰ ਬਣੇ ਰਹਿਣ, ਕਿਤੇ ਵੀ ਕੂੜਾ-ਕਰਕਟ ਜਾਂ ਗੰਦਗੀ ਇਕੱਠੀ ਨਾ ਹੋਵੇ, ਪਾਣੀ ਖੜ੍ਹਾ ਨਾ ਰਹੇ ਅਤੇ ਮੱਛਰਾਂ ਦੀ ਪੈਦਾਵਾਰ ਲਈ ਅਨੁਕੂਲ ਹਾਲਾਤ ਪੈਦਾ ਨਾ ਹੋਣ। ਡਰੇਨੇਜ ਸਿਸਟਮ, ਨਾਲੀਆਂ ਅਤੇ ਪਰਨਾਲਿਆਂ ਦੀ ਜਾਂਚ ਕਰਕੇ ਇਹ ਵੀ ਦੇਖਿਆ ਗਿਆ ਕਿ ਕਿਤੇ ਕੋਈ ਪਰਨਾਲਾ ਜਾਮ ਨਾ ਹੋਵੇ ਅਤੇ ਬਰਸਾਤ ਦਾ ਪਾਣੀ ਆਸਾਨੀ ਨਾਲ ਨਿਕਲ ਸਕੇ।
ਨਿਰੀਖਣ ਦੌਰਾਨ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਥਾਂ ਤੋਂ ਮੀਂਹ ਦਾ ਪਾਣੀ ਨਾ ਚੋਂਦਾ ਹੋਵੇ, ਕੰਧਾਂ ਜਾਂ ਛੱਤਾਂ ਵਿੱਚ ਸੀਲਨ ਜਾਂ ਲੀਕੇਜ ਨਾ ਹੋਵੇ ਅਤੇ ਬਰਸਾਤ ਕਾਰਨ ਮਰੀਜ਼ਾਂ ਜਾਂ ਸਟਾਫ਼ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਫਰਸ਼ਾਂ, ਰੈਂਪਾਂ, ਸਿੜ੍ਹੀਆਂ ਅਤੇ ਹੋਰ ਆਵਾਜਾਈ ਵਾਲੀਆਂ ਥਾਵਾਂ ‘ਤੇ ਇਹ ਯਕੀਨੀ ਬਣਾਇਆ ਗਿਆ ਕਿ ਕਿਤੇ ਵੀ ਕਾਈ ਜਾਂ ਫਿਸਲਣ ਵਾਲੀ ਪਰਤ ਨਾ ਜਮ੍ਹੀ ਹੋਵੇ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਏ.ਸੀ. ਯੂਨਿਟ ਅਤੇ ਉਨ੍ਹਾਂ ਦੇ ਸਟੈਂਡ ਸੁਰੱਖਿਅਤ ਹਾਲਤ ਵਿੱਚ ਹਨ
ਨਿਰੀਖਣ ਦੌਰਾਨ ਡਾ. ਨਵਜੋਤ ਅਤੇ ਡਾ. ਨੇਹਾ ਪਾਲ ਵਲੋਂ ਹਸਪਤਾਲ ਦੀਆਂ ਛੱਤਾਂ ‘ਤੇ ਲੱਗੇ ਏਅਰ ਕੰਡੀਸ਼ਨਰ (ਏ.ਸੀ.) ਦੇ ਆਊਟਡੋਰ ਯੂਨਿਟਾਂ ਅਤੇ ਹੋਰ ਸਬੰਧਤ ਉਪਕਰਨਾਂ ਦੀ ਵੀ ਜਾਂਚ ਕੀਤੀ ਗਈ। ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਏ.ਸੀ. ਯੂਨਿਟ ਅਤੇ ਉਨ੍ਹਾਂ ਦੇ ਸਟੈਂਡ ਸੁਰੱਖਿਅਤ ਹਾਲਤ ਵਿੱਚ ਹਨ, ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੈ, ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੋ ਰਹੀ ਅਤੇ ਉਨ੍ਹਾਂ ਕਾਰਨ ਛੱਤਾਂ ‘ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਨਹੀਂ ਬਣ ਰਹੀ। ਇਸ ਤੋਂ ਇਲਾਵਾ ਛੱਤਾਂ ‘ਤੇ ਰੱਖੇ ਹੋਰ ਸਾਮਾਨ ਅਤੇ ਉਪਕਰਨਾਂ ਦੀ ਵੀ ਜਾਂਚ ਕਰਕੇ ਸਬੰਧਤ ਸਟਾਫ਼ ਨੂੰ ਲੋੜੀਂਦੀ ਸਾਂਭ-ਸੰਭਾਲ ਅਤੇ ਸਮੇਂ ਸਿਰ ਮੁਰੰਮਤ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਰੱਖੇ ਜਾਣ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਸਫ਼ਾਈ, ਪਾਣੀ ਦੀ ਨਿਕਾਸੀ, ਬਿਜਲੀ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਸਮੂਹ ਸਿਹਤ ਸੰਸਥਾਵਾਂ ਦੇ ਇੰਚਾਰਜਾਂ ਅਤੇ ਸਬੰਧਤ ਸਟਾਫ਼ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਹਸਪਤਾਲ ਪਰਿਸਰ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ। ਜੇਕਰ ਕਿਸੇ ਵੀ ਥਾਂ ਲੀਕੇਜ, ਛੱਤ ਚੋਂਣ, ਪਰਨਾਲਾ ਜਾਮ ਹੋਣ, ਕਾਈ ਜਮ੍ਹਣ, ਪਾਣੀ ਖੜ੍ਹਾ ਹੋਣ ਜਾਂ ਹੋਰ ਕਿਸੇ ਤਕਨੀਕੀ ਸਮੱਸਿਆ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸੁਰੱਖਿਆ, ਸਹੂਲਤ ਅਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ। ਇਸ ਲਈ ਬਰਸਾਤੀ ਮੌਸਮ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਲਗਾਤਾਰ ਨਿਰੀਖਣ ਕੀਤਾ ਜਾਵੇਗਾ ਅਤੇ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਸੁਵਿਧਾਜਨਕ ਮਾਹੌਲ ਮਿਲ ਸਕੇ।

