Breaking
Tue. Sep 29th, 2026

ਧੀਆਂ ਨੂੰ ਸਿੱਖਿਆ, ਸੁਰੱਖਿਆ ਤੇ ਆਤਮਨਿਰਭਰਤਾ ਦੇ ਮੌਕੇ ਦੇਣਾ ਹੀ ਅਸਲ ਸਨਮਾਨ : ਡਾ. ਸੋਨੀਆ

ਧੀਆਂ

ਡਾਟਰਜ਼ ਡੇ ’ਤੇ ਧੀਆਂ ਦੀਆਂ ਪ੍ਰਾਪਤੀਆਂ ਨੂੰ ਸਲਾਮ, ਸਮਾਜ ਵਿੱਚ ਬਰਾਬਰੀ ਦਾ ਮਾਹੌਲ ਸਿਰਜਣ ’ਤੇ ਦਿੱਤਾ ਜ਼ੋਰ

ਹੁਸ਼ਿਆਰਪੁਰ 29 ਸਤੰਬਰ (ਤਰਸੇਮ ਦੀਵਾਨਾ) – ਇੰਡੀਅਨ ਓਵਰਸੀਜ਼ ਕਾਂਗਰਸ (ਯੂਰਪ) ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਉੱਘੀ ਸਮਾਜ ਸੇਵਕਾ ਡਾ. ਸੋਨੀਆ ਨੇ ਡਾਟਰਜ਼ ਡੇ ਦੇ ਮੌਕੇ ਦੇਸ਼ ਦੀਆਂ ਸਮੂਹ ਧੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਧੀਆਂ ਪਰਿਵਾਰ ਦੀ ਖੁਸ਼ੀ, ਮਾਣ ਅਤੇ ਤਾਕਤ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਧੀਆਂ ਦੀ ਕਾਮਯਾਬੀ ਸਿਰਫ਼ ਉਨ੍ਹਾਂ ਦੇ ਆਪਣੇ ਜੀਵਨ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।

ਡਾ. ਸੋਨੀਆ ਨੇ ਕਿਹਾ ਕਿ ਅੱਜ ਦੀ ਧੀ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਨਾਲੋਂ ਪਿੱਛੇ ਨਹੀਂ ਹੈ। ਸਿੱਖਿਆ, ਡਾਕਟਰੀ, ਪ੍ਰਸ਼ਾਸਨ, ਖੇਡਾਂ, ਵਿਗਿਆਨ, ਕਾਰੋਬਾਰ, ਕਲਾ ਅਤੇ ਸਮਾਜ ਸੇਵਾ ਸਮੇਤ ਹਰ ਖੇਤਰ ਵਿੱਚ ਧੀਆਂ ਆਪਣੀ ਯੋਗਤਾ ਅਤੇ ਮਿਹਨਤ ਦੇ ਬਲਬੂਤੇ ਨਵੇਂ ਮੁਕਾਮ ਹਾਸਲ ਕਰ ਰਹੀਆਂ ਹਨ। ਇਸ ਦੇ ਬਾਵਜੂਦ ਸਮਾਜ ਵਿੱਚ ਧੀਆਂ ਨੂੰ ਬਰਾਬਰ ਦੇ ਮੌਕੇ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਅਜੇ ਵੀ ਇੱਕ ਅਹਿਮ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਧੀਆਂ ਨੂੰ ਸਿਰਫ਼ ਪਿਆਰ ਦੇਣਾ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਨੂੰ ਉੱਚ ਸਿੱਖਿਆ, ਆਪਣੇ ਫੈਸਲੇ ਲੈਣ ਦੀ ਆਜ਼ਾਦੀ, ਆਤਮਨਿਰਭਰ ਬਣਨ ਲਈ ਮੌਕੇ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਪਰਿਵਾਰ ਦਾ ਪੂਰਾ ਸਹਿਯੋਗ ਮਿਲਣਾ ਚਾਹੀਦਾ ਹੈ। ਡਾਟਰਜ਼ ਡੇ ਸਿਰਫ਼ ਧੀਆਂ ਨੂੰ ਵਧਾਈ ਦੇਣ ਦਾ ਦਿਨ ਨਹੀਂ, ਸਗੋਂ ਇਹ ਬਚਨ ਲੈਣ ਦਾ ਮੌਕਾ ਵੀ ਹੈ ਕਿ ਕਿਸੇ ਵੀ ਧੀ ਨੂੰ ਲਿੰਗ ਦੇ ਆਧਾਰ ’ਤੇ ਮੌਕਿਆਂ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ।

ਡਾ. ਸੋਨੀਆ ਨੇ ਕਿਹਾ ਕਿ ਧੀਆਂ ਦੇ ਨਾਲ-ਨਾਲ ਪੁੱਤਰਾਂ ਦੀ ਪ੍ਰਵਰਿਸ਼ ਵਿੱਚ ਵੀ ਬਰਾਬਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ ਹੈ। ਘਰ ਦੇ ਕੰਮ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਬਜ਼ੁਰਗਾਂ ਦੀ ਸੇਵਾ ਕਿਸੇ ਇੱਕ ਲਿੰਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪਰਿਵਾਰ ਦੇ ਹਰ ਮੈਂਬਰ ਦੀ ਸਾਂਝੀ ਜ਼ਿੰਮੇਵਾਰੀ ਹੈ। ਪੁੱਤਰਾਂ ਨੂੰ ਵੀ ਔਰਤਾਂ ਅਤੇ ਧੀਆਂ ਦਾ ਸਤਿਕਾਰ ਕਰਨ, ਉਨ੍ਹਾਂ ਦੇ ਅਧਿਕਾਰਾਂ ਨੂੰ ਸਮਝਣ ਅਤੇ ਘਰੇਲੂ ਜ਼ਿੰਮੇਵਾਰੀਆਂ ਵਿੱਚ ਬਰਾਬਰ ਯੋਗਦਾਨ ਪਾਉਣ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਧੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਤਮਵਿਸ਼ਵਾਸ, ਵਿਹਾਰਕ ਗਿਆਨ, ਫੈਸਲਾ ਲੈਣ ਦੀ ਸਮਰੱਥਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਸਮਝ ਦੇਣਾ ਸਮੇਂ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੀਆਂ ਦੀ ਤੁਲਨਾ ਕਿਸੇ ਹੋਰ ਨਾਲ ਕਰਨ ਦੀ ਬਜਾਏ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਅੱਗੇ ਵਧਣ ਲਈ ਉਤਸ਼ਾਹਿਤ ਕਰਨ।

ਡਾ. ਸੋਨੀਆ ਨੇ ਕਿਹਾ ਕਿ “ਧੀ ਘਰ ਦੀ ਲਕਸ਼ਮੀ” ਵਰਗੇ ਸ਼ਬਦ ਤਾਂ ਹੀ ਸਾਰਥਕ ਹਨ ਜਦੋਂ ਧੀ ਨੂੰ ਸਨਮਾਨ ਦੇ ਨਾਲ ਬਰਾਬਰ ਦੇ ਅਧਿਕਾਰ ਅਤੇ ਮੌਕੇ ਵੀ ਦਿੱਤੇ ਜਾਣ। ਧੀ ਦੀ ਅਸਲ ਕਦਰ ਉਸ ਨੂੰ ਬੰਧਨਾਂ ਵਿੱਚ ਰੱਖਣ ਨਾਲ ਨਹੀਂ, ਸਗੋਂ ਉਸ ’ਤੇ ਭਰੋਸਾ ਕਰਕੇ ਉਸ ਨੂੰ ਆਪਣੇ ਸੁਪਨਿਆਂ ਦੀ ਉਡਾਣ ਭਰਨ ਦਾ ਮੌਕਾ ਦੇਣ ਨਾਲ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਵੀ ਧੀ ਦੇ ਮਾਇਕੇ ਅਤੇ ਸਹੁਰੇ ਪਰਿਵਾਰ ਵਿਚਕਾਰ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਕਾਇਮ ਰਹਿਣਾ ਚਾਹੀਦਾ ਹੈ। ਦੋਵੇਂ ਪਰਿਵਾਰ ਜੇਕਰ ਆਪਸੀ ਸਮਝ, ਸਤਿਕਾਰ ਅਤੇ ਸਹਿਯੋਗ ਨਾਲ ਰਿਸ਼ਤਿਆਂ ਨੂੰ ਨਿਭਾਉਣ ਤਾਂ ਧੀ ਲਈ ਨਵੇਂ ਪਰਿਵਾਰ ਵਿੱਚ ਆਪਣੀ ਜਗ੍ਹਾ ਬਣਾਉਣਾ ਹੋਰ ਸੁਖਦ ਅਤੇ ਸਨਮਾਨਜਨਕ ਬਣ ਸਕਦਾ ਹੈ।

ਡਾ. ਸੋਨੀਆ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਕਰਨ, ਉਨ੍ਹਾਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ ਸਮਝਣ ਅਤੇ ਹਰ ਪੜਾਅ ’ਤੇ ਉਨ੍ਹਾਂ ਦਾ ਹੌਸਲਾ ਵਧਾਉਣ। ਉਨ੍ਹਾਂ ਕਿਹਾ ਕਿ ਜਿਹੜਾ ਸਮਾਜ ਆਪਣੀਆਂ ਧੀਆਂ ਨੂੰ ਸਿੱਖਿਆ, ਸੁਰੱਖਿਆ, ਸਨਮਾਨ ਅਤੇ ਆਤਮਨਿਰਭਰਤਾ ਦਿੰਦਾ ਹੈ, ਉਹੀ ਸਮਾਜ ਮਜ਼ਬੂਤ, ਬਰਾਬਰੀ ਵਾਲਾ ਅਤੇ ਖੁਸ਼ਹਾਲ ਭਵਿੱਖ ਸਿਰਜ ਸਕਦਾ ਹੈ।

By admin

Related Post