ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਯੁਵਾ ਸੰਮੇਲਨ ਨੌਜਵਾਨਾਂ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਜੋੜਨ ’ਤੇ ਦਿੱਤਾ ਜ਼ੋਰ
ਹੁਸ਼ਿਆਰਪੁਰ, 28 ਸਤੰਬਰ (ਤਰਸੇਮ ਦੀਵਾਨਾ) — ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਸ਼ਾਲ ਯੁਵਾ ਸੰਮੇਲਨ ਦੌਰਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਯੂਥ ਵਿੰਗ ਦੀ ਜ਼ਿੰਮੇਵਾਰੀ ਗੁਰਵਿੰਦਰ ਸਿੰਘ ਲੱਕੀ ਨੂੰ ਸੌਂਪੀ ਗਈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸੰਜੀਵ ਤਲਵਾੜ ਨੇ ਨੌਜਵਾਨਾਂ ਨੂੰ ਪਾਰਟੀ ਦੀ ਜਥੇਬੰਦਕ ਤਾਕਤ ਦਾ ਅਹਿਮ ਹਿੱਸਾ ਬਣਾਉਣ ਦੀ ਦਿਸ਼ਾ ਵਿੱਚ ਇਹ ਜ਼ਿੰਮੇਵਾਰੀ ਸੌਂਪੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਨੂੰ ਆਪਣਾ ਮਾਰਗਦਰਸ਼ਕ ਮੰਨਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਵੱਲ ਲੋੜੀਂਦਾ ਧਿਆਨ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਪੈਦਾ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਲਈ ਵਿਆਪਕ ਪ੍ਰੋਗਰਾਮ ਲੈ ਕੇ ਆਵੇਗਾ।
ਮੁੱਖ ਮਹਿਮਾਨ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਐਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਦਿਸ਼ਾ ਦੇਣ ਦੀ ਹੀ ਨਹੀਂ, ਸਗੋਂ ਉਨ੍ਹਾਂ ਦੀ ਸੋਚ ਅਤੇ ਊਰਜਾ ਤੋਂ ਸਿੱਖਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਆਪਣੇ ਭਵਿੱਖ ਪ੍ਰਤੀ ਜਾਗਰੂਕ ਹਨ। ਨਸ਼ਿਆਂ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੇ ਅਨੇਕਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਪੰਜਾਬ ਦੇ ਭਵਿੱਖ ਦੀ ਰਾਜਨੀਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਅਤੇ ਨੌਜਵਾਨਾਂ ਦੀ ਸਾਂਝੀ ਭੂਮਿਕਾ ਨਾਲ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਇਆ ਜਾ ਸਕਦਾ ਹੈ।
ਇਸ ਮੌਕੇ ਸੰਜੀਵ ਤਲਵਾੜ ਨੇ ਕਿਹਾ ਕਿ ਗੁਰਵਿੰਦਰ ਸਿੰਘ ਲੱਕੀ ਦਾ ਨੌਜਵਾਨਾਂ ਨਾਲ ਮਜ਼ਬੂਤ ਸੰਪਰਕ, ਸਲੀਕੇ ਨਾਲ ਕੰਮ ਕਰਨ ਦੀ ਸ਼ੈਲੀ ਅਤੇ ਜਥੇਬੰਦਕ ਸਮਰੱਥਾ ਪਾਰਟੀ ਲਈ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਜੋੜਨਾ ਸਮੇਂ ਦੀ ਲੋੜ ਹੈ।
ਨਵ-ਨਿਯੁਕਤ ਯੂਥ ਵਿੰਗ ਪ੍ਰਧਾਨ ਗੁਰਵਿੰਦਰ ਸਿੰਘ ਲੱਕੀ ਨੇ ਸੰਜੀਵ ਤਲਵਾੜ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਜਤਾਏ ਵਿਸ਼ਵਾਸ ’ਤੇ ਉਹ ਪੂਰਾ ਉਤਰਣ ਲਈ ਪੂਰੀ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਹਰ ਬੂਥ ’ਤੇ ਨੌਜਵਾਨਾਂ ਦੀ ਮਜ਼ਬੂਤ ਟੀਮ ਤਿਆਰ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਦੌਰਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਸਤਿੰਦਰ ਪਾਲ ਢੱਟ ਨੇ ਨੌਜਵਾਨਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਮਾਨ-ਸਨਮਾਨ ਅਤੇ ਜ਼ਿੰਮੇਵਾਰੀਆਂ ਦੇਣ ’ਤੇ ਜ਼ੋਰ ਦਿੱਤਾ।
ਸੰਮੇਲਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਯੂਥ ਆਗੂ ਮਨਪ੍ਰੀਤ ਸਿੰਘ ਸੈਣੀ, ਸਰਵਜੀਤ ਸਿੰਘ ਸਭੀ, ਮਨਦੀਪ ਸਿੰਘ ਗਿੱਕਾ, ਨੀਰਜ ਸ਼ਰਮਾ, ਸੁਸ਼ੀਲ ਠਾਕੁਰ, ਸਰਬਜੀਤ ਸਿੰਘ ਧਾਮੀ, ਰੋਹਿਤ ਢੁੱਗਾ, ਹਿਮੇਸ਼ ਸ਼ੇਰਗਿੱਲ ਕਾਕਾ ਸਮੇਤ ਸੈਂਕੜੇ ਨੌਜਵਾਨ ਹਾਜ਼ਰ ਸਨ।

