• ਟ੍ਰੈਫਿਕ ਪੁਲਿਸ ਅਤੇ ਆਰਟੀਓ ਦਫਤਰ ਦੇ ਉਦਾਸੀਨਤਾ ਵਾਲੇ ਰੱਵਈਏ ਕਾਰਣ ਮਾਫੀਆ ਦੇ ਹੌਂਸਲੇ ਬੁਲੰਦ
•ਕਾਲੀ ਕਮਾਈ ਦੇ ਵੱਡੇ ਸ੍ਰੋਤ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੇ ਭ੍ਰਿਸ਼ਟ ਅਧਿਕਾਰੀ ਅਤੇ ਰਾਜਨੀਤਿਕ ਲੋਕ
• ਪੰਚਾਂ ਸਰਪੰਚਾਂ ਦੇ ਸਹਿਯੋਗ ਨਾਲ ਸਰਪੰਚ ਪਰਵਿੰਦਰ ਸਿੰਘ ਸੱਜਣਾਂ ਨੇ ਦਿੱਤੀ ਵੱਡੇ ਐਕਸ਼ਨ ਦੀ ਚੇਤਾਵਨੀ
ਹੁਸ਼ਿਆਰਪੁਰ, 21 ਜੂਨ (ਤਰਸੇਮ ਦੀਵਾਨਾ ) ਸਮੁੱਚੇ ਜਿਲਾ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਟ੍ਰੈਫਿਕ ਪੁਲਿਸ ਅਤੇ ਆਰਟੀਓ ਦਫਤਰ ਦੇ ਉਦਾਸੀਨਤਾ ਵਾਲੇ ਰੱਵਈਏ ਕਾਰਨ, ਓਵਰਲੋਡਿਡ ਟਰੈਕਟਰ-ਟਰਾਲੀਆਂ ਮੌਤ ਬਣ ਕੇ ਦੌੜ ਰਹੀਆਂ ਹਨ ਜਦਕਿ ਆਪਣੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸ ਰਾਹੀਂ ਸਰਕਾਰੀ ਖਜ਼ਾਨਾ ਭਰਨ ਵਾਲੇ ਆਮ ਲੋਕਾਂ ਦੀ ਜ਼ਿੰਦਗੀ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸਗੋਂ ਰੱਬ ਆਸਰੇ ਹੀ ਦੇਸ਼ ਦੇ ਆਮ ਬਸ਼ਿੰਦੇ ਦੀ ਗੱਡੀ ਰਿੜੀ ਜਾ ਰਹੀ ਹੈ | ਦਿਨ ਢਲਦੇ ਹੀ ਜ਼ਿਲ੍ਹੇ ਵਿੱਚ ਮੌਤ ਦਾ ਤਾਂਡਵ ਸ਼ੁਰੂ ਹੋ ਜਾਂਦਾ ਹੈ ਜੋ ਦਿਨ ਚੜ੍ਹਦੇ ਤੱਕ ਬਿਨਾ ਕਿਸੇ ਰੋਕ ਟੋਕ ਦੇ ਜਾਰੀ ਰਹਿੰਦਾ ਹੈ ਇਹ ਵੀ ਨਹੀਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਖੇਡ ਦੀ ਕੋਈ ਖਬਰ ਨਾ ਹੋਵੇ ਸਗੋਂ ਸਰਕਾਰਾਂ ਦੇ ਹੀ ਕੁਝ ਭ੍ਰਿਸ਼ਟ ਸਰਕਾਰੀ ਅਧਿਕਾਰੀ ਅਤੇ ਰਾਜਨੀਤਿਕ ਲੋਕ ਖੁਦ ਹੀ ਇਸ ਕਾਲੀ ਕਮਾਈ ਦੇ ਵੱਡੇ ਸ੍ਰੋਤ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੇ ਅਤੇ ਉਲਟਾ ਸੁਰੱਖਿਆ ਛੱਤਰੀ ਮੁਹਈਆ ਕਰਵਾਉਣ ਵਿੱਚ ਜੁਟੇ ਹੋਏ ਹਨ | ਦਿਨ ਢਲਦੇ ਹੀ ਸਮੁੱਚੇ ਜ਼ਿਲੇ ਅੰਦਰ ਵਾਹਨਾਂ ਦੀ ਓਵਰਲੋਡਿੰਗ ਦਾ ਖੇਡ ਸ਼ੁਰੂ ਹੋ ਜਾਂਦਾ ਹੈ।
ਇਹ ਓਵਰਲੋਡਿੰਗ ਭਾਵੇਂ ਮਾਈਨਿੰਗ ਕਾਰਨ ਹੋਵੇ, ਜੰਗਲਾਂ ਵਿੱਚੋਂ ਨਜਾਇਜ਼ ਦਰੱਖਤਾਂ ਦੀ ਕਟਾਈ ਕਾਰਨ ਹੋਵੇ ਜਾਂ ਖੁਦ ਪਿੰਡਾਂ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਵੱਲੋਂ ਆਪਣਿਆਂ ਜਿਨਸਾਂ ਨੂੰ ਮੰਡੀ ਵਿੱਚ ਢੋਆ ਢੂਆਈ ਕਾਰਨ ਹੋਵੇ ਇਨ੍ਹਾਂ ਕਾਰਨਾਂ ਨੂੰ ਲੈ ਕੇ ਜ਼ਿਲੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਹਾਦਸੇ ਵਾਪਰਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਆਮ ਲੋਕਾਂ ਦੀ ਕੀਮਤੀ ਜਾਨ ਭੰਗ ਦੇ ਭਾੜੇ ਜਾਂਦੀ ਹੈ ਜਾਂ ਸਦੀਵੀ ਅੰਗਹੀਣਤਾ ਨਾਲ ਰਹਿੰਦੀ ਜ਼ਿੰਦਗੀ ਦੀ ਗੱਡੀ ਰੇੜਨੀ ਪੈਂਦੀ ਹੈ ਪਰ ਇਸ ਦੇ ਬਾਵਜੂਦ, ਓਵਰਲੋਡਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਿਤਮ ਜਰੀਫੀ ਇਹ ਕਿ ਆਵਾਜਾਈ ਨਾਲ ਸੰਬੰਧਿਤ ਪ੍ਰਮੁੱਖ ਤੌਰ ‘ਤੇ ਜ਼ਿੰਮੇਵਾਰ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜ਼ਿਲੇ ਵਿੱਚ ਇਸ ਵੇਲੇ ਸਭ ਤੋਂ ਵੱਧ ਓਵਰਲੋਡਿਡ ਟਰੈਕਟਰ ਟਰਾਲੀਆਂ ਦੀ ਆਵਾਜਾਈ ਹੁਸ਼ਿਆਰਪੁਰ ਦਸੂਹਾ ਨੈਸ਼ਨਲ ਹਾਈਵੇਅ ‘ਤੇ ਨਜਾਇਜ਼ ਤੌਰ ‘ਤੇ ਚੱਲ ਰਹੀ ਗੈਰ ਕਾਨੂੰਨੀ ਲੱਕੜ ਮੰਡੀ ਵੱਲ ਲੱਗੀ ਹੋਈ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਾਸ਼ਨ ਦੇ ਕੰਨਾਂ ਤੇ ਜੂੰਅ ਤੱਕ ਨਹੀਂ ਰੇਂਗ ਰਹੀ
ਹਾਲਾਂਕਿ ਕਾਫੀ ਸਾਲ ਪਹਿਲਾਂ ਤੋਂ ਸਰਕਾਰ ਵੱਲੋਂ ਹਰਿਆਣਾ ਢੋਲਬਾਹਾ ਰੋਡ ‘ਤੇ ਨੁਸ਼ਹਿਰਾ ਪਿੰਡ ਨਜ਼ਦੀਕ ਲੱਕੜ ਮੰਡੀ ਸਰਕਾਰੀ ਤੌਰ ਤੇ ਬਣਾ ਕੇ ਦਿੱਤੀ ਹੋਈ ਹੈ ਪਰ ਇਹ ਵਰਤੋਂ ਵਿੱਚ ਨਾ ਆਉਣ ਕਾਰਨ ਚਿੱਟਾ ਹਾਥੀ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਸ ਦਾ ਕਾਰਣ ਹੁਸ਼ਿਆਰਪੁਰ ਦਸੂਹਾ ਰੋਡ ਤੇ ਅੱਡਾ ਕੱਕੋਂ ਨਜਦੀਕ ਗੈਰਕਾਨੂੰਨੀ ਤੌਰ ਤੇ ਚੱਲ ਰਹੀ ਲੱਕੜ ਮੰਡੀ ਨੂੰ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਛੱਤਰਛਾਇਆ ਹਾਸਿਲ ਹੋਣਾ ਹੀ ਪ੍ਰਮੁੱਖ ਤੌਰ ‘ਤੇ ਜ਼ਿੰਮੇਵਾਰ ਹੈ | ਇਸ ਇਲਾਕੇ ਵਿੱਚ ਪੂਰੇ ਐਲਪੀ ਟਰੱਕ ਦਾ ਮਾਲ ਲੱਦ ਕੇ ਚੱਲ ਰਹੀਆਂ ਟਰੈਕਟਰ ਟਰਾਲੀਆਂ ਯਮਦੂਤ ਦੀ ਸਵਾਰੀ ਬਣ ਚੁੱਕੀਆਂ ਹਨ ਜਿੱਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਮਿੱਟੀ ਹੋ ਚੁੱਕੀਆਂ ਹਨ ਪਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਾਸ਼ਨ ਦੇ ਕੰਨਾਂ ਤੇ ਜੂੰਅ ਤੱਕ ਨਹੀਂ ਰੇਂਗ ਰਹੀ |
ਇੰਝ ਜ਼ਿਲ੍ਹਾ ਪ੍ਰਸਾਸ਼ਨ ਦੀ ਉਦਾਸੀਨਤਾ ਕਾਰਣ ਸੜਕ ‘ਤੇ ਪੈਦਲ ਚੱਲਣ ਵਾਲੇ ਲੋਕਾਂ ਅਤੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਜਦੋਂ ਕਿ ਬਿਨਾਂ ਪਰਮਿਟ ਦੇ ਇਹ ਸਾਰੀ ਓਵਰਲੋਡਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਟਰੈਕਟਰ-ਟਰਾਲੀਆਂ ‘ਤੇ ਰਿਫਲੈਕਟਰ ਨਹੀਂ ਲਗਾਏ ਜਾਂਦੇ । ਪੁਲਿਸ ਅਤੇ ਟਰਾਂਸਪੋਰਟ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਇਨ੍ਹਾਂ ਵਾਹਨਾਂ ਦੇ ਡਰਾਈਵਰ ਜ਼ਿਆਦਾ ਕਿਰਾਇਆ ਕਮਾਉਣ ਲਈ ਟਰਾਲੀਆਂ ਨੂੰ ਓਵਰਲੋਡ ਕਰਦੇ ਹਨ। ਦਰਅਸਲ ਟਰੱਕਾਂ ਦੀ ਬਜਾਏ, ਟਰੈਕਟਰ ਟਰਾਲੀਆਂ ਰਾਹੀਂ ਹੋ ਰਹੀ ਇਸ ਓਵਰ ਲੋਡਿੰਗ ਵਿੱਚ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਦੀ ਮਿਲੀਭੁਗਤ ਵੀ ਸਾਹਮਣੇ ਆ ਰਹੀ ਹੈ।
ਕੀ ਚਾਹੁੰਦੇ ਨੇ ਇਹ ਲੋਕ?
ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਨਜ਼ਦੀਕੀ ਪਿੰਡ ਸੱਜਣਾਂ ਦੇ ਸਰਪੰਚ ਪਰਵਿੰਦਰ ਸਿੰਘ ਸੱਜਣਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਪੋਸਟ ਵਿੱਚ ਇਹ ਲਿਖਿਆ ਹੈ ਕਿ ਦੋ ਟਰਾਲੀਆਂ ਦਾ ਮਾਲ ਇੱਕ ਉਤੇ ਲੱਦ ਕੇ ਸਰਕਾਰ ਨੂੰ ਚੂਨਾ ਲੱਗਾ ਰਹੇ ਹਨ, ਇੱਕ ਪਰਚੀ ਦੇ ਪੈਸੇ ਬਚਾਉਣ ਲਈ ਇਹ ਸਵਾਰਥੀ ਲੋਕ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਲੱਖਾਂ ਰੁਪਏ ਟੈਕਸ ਤਾਰ ਵੀ ਪਹਿਲਾਂ ਹੀ ਘਾਟੇ ਵਿਚ ਚੱਲ ਰਹੇ ਟਰੱਕਾਂ ਵਾਲਿਆਂ ਦੇ ਢਿੱਡ ਉੱਤੇ ਲੱਤ ਮਾਰਦੇ ਹੋਏ ਉਨ੍ਹਾਂ ਦੇ ਕਾਰੋਬਾਰ ਨੂੰ ਫੇਲ੍ਹ ਕਰਨ ਵਿੱਚ ਅਜਿਹੇ ਲੋਕਾਂ ਦਾ ਵੱਡਾ ਰੋਲ ਹੈ ਕਿਉਕਿ ਟਰਾਲੀਆਂ ਟਰੈਕਟਰ ਖੇਤੀ ਦੇ ਕੰਮਾਂ ਲਈ ਹਨ ਇਹਨਾਂ ਲੋਕਾਂ ਦੇ ਭਾੜੇ ਢੋਹਣ ਲਈ ਨਹੀਂ ਹਨ। ਸਰਪੰਚ ਪਰਵਿੰਦਰ ਸਿੰਘ ਸੱਜਣਾਂ ਅਨੁਸਾਰ ਇਹ ਤਸਵੀਰਾਂ ਅੱਜ ਸਵੇਰ ਲੱਕੜ ਮੰਡੀ ਹੁਸ਼ਿਆਰਪੁਰ ਵਿੱਚ ਮੈ ਖੁੱਦ ਖਿੱਚੀਆਂ ਹਨ।
ਸੰਬੰਧਿਤ ਆੜਤੀਆਂ ਨੂੰ ਬੁਲਾ ਕੇ ਵੀ ਇਹਨਾਂ ਬੇਹੱਦ ਓਵਰਲੋਡਿਡ ਟਰਾਲੀਆਂ ਬਾਰੇ ਗੱਲ ਕੀਤੀ ਪਰ ਉਹਨਾਂ ਨੇ ਕੁਝ ਪੱਲੇ ਨਹੀਂ ਪਾਇਆ ਅਤੇ ਆਪਣੇ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੱਤਾ । ਉਨ੍ਹਾਂ ਇਸ ਪੋਸਟ ਨੂੰ ਸਰਪੰਚ ਅਮਨਦੀਪ ਸਿੰਘ ਸੱਜਣ, ਗੋਲਡੀ ਬੱਸੀ ਮੁੱਦਾ, ਦੀਪਾ ਸਰਪੰਚ ਕੇਵਲ ਕ੍ਰਿਸ਼ਨ ਸਾਬੀ ਸਰਪੰਚ ਅਮਨ ਮੁੱਦਾ, ਕ੍ਰਿਸ਼ਨ ਕੌਰ, ਸਰਪੰਚ ਬਾਗ ਪੁਰ ਗੁਰਮੀਤ ਸਿੰਘ ਨੇ ਹੈਸ਼ ਟੈਗ ਕਰਦੇ ਹੋਏ ਕਿਹਾ ਕਿ ਇਸ ਪੋਸਟ ਰਾਹੀਂ ਇਹਨਾਂ ਸਵਾਰਥੀ ਲੋਕਾਂ ਨੂੰ ਤਾੜਨਾ ਕਰਦਾ ਹਾਂ ਕਿ ਅੱਗੇ ਤੋਂ ਅਗਰ ਕੋਈ ਓਵਰਲੋਡਿਡ ਟਰਾਲੀ ਮਿਲੀ ਤਾਂ ਉਸਨੂੰ ਪ੍ਰਸ਼ਾਸਨ ਹਵਾਲੇ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਨਾਲ ਲੈਕੇ ਸਖ਼ਤ ਐਕਸ਼ਨ ਲਿਆ ਜਾਵੇਗਾ !