Breaking
Thu. May 14th, 2026

ਵਿਦਿਆਰਥੀਆਂ ਦੀ ਸਹੂਲਤ ਲਈ ਪਿੰਡ ਪਦਰਾਣਾ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਖਾਲਸਾ ਕਾਲਜ ਮਾਹਿਲਪੁਰ

ਹੁਸ਼ਿਆਰਪੁਰ /ਮਾਹਿਲਪੁਰ, 7 ਮਈ ( ਤਰਸੇਮ ਦੀਵਾਨਾ ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ 2026-27 ਵਿੱਚ ਦਾਖ਼ਲੇ ਸਬੰਧੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਪਦਰਾਣਾ ਵਿੱਚ ਵਿਦਿਆਰਥੀਆਂ ਦੀ ਕੈਰੀਅਰ ਸੇਧ ਅਤੇ ਕਾਉਂਸਲਿੰਗ ਦੀ ਸਹੂਲਤ ਲਈ ਅੱਜ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲ੍ਹਿਆ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰਿੰਸੀਪਲ ਸੁਰਜੀਤ ਕੁਮਾਰ, ਪਿੰਡ ਪਦਰਾਣਾ ਦੇ ਸਰਪੰਚ ਜਰਨੈਲ ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸਟਾਫ਼ ਦੀ ਹਾਜ਼ਰੀ ਵਿੱਚ ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਰਜੀਤ ਕੁਮਾਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖਮੁਖੀ ਕੋਰਸਾਂ ਦੀ ਚੋਣ ਲਈ ਸੈਂਟਰ ਵਿਚ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਹਰ ਤਬਕੇ ਦੇ ਵਿਦਿਆਰਥੀਆਂ ਨੂੰ ਘੱਟ ਫੀਸਾਂ ‘ਤੇ ਉਚੇਰੀ ਸਿਖਿਆ ਦੇ ਨਵੇਂ ਨਵੇਂ ਕੋਰਸਾਂ ਨਾਲ ਜੋੜਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਨੇ ਅੱਜ ਗਰੀਬ ਵਰਗ ਲਈ ਅਨੇਕਾਂ ਸੰਕਟ ਪੈਦਾ ਕਰ ਦਿੱਤੇ ਹਨ ਪਰ ਮਿਸ਼ਨਰੀ ਭਾਵਨਾ ਨਾਲ ਚੱਲ ਰਹੇ ਅਦਾਰੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਬਾਂਹ ਫੜ੍ਹਦੇ ਆਏ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਚ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿਸ਼ੇਸ਼ ਆਰਥਿਕ ਮਦਦ, ਵੱਖ-ਵੱਖ ਵਜ਼ੀਫਾ ਰਾਸ਼ੀਆਂ ਸਮੇਤ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਮਦਦਗਾਰ ਹੋ ਰਹੀਆਂ ਹਨ ਅਤੇ ਸੰਸਥਾ ਵਿਚ ਅਨੇਕ ਨਵੇਂ ਕੋਰਸ ਆਰੰਭ ਕੀਤੇ ਗਏ ਹਨ।

ਉਨ੍ਹਾਂ ਇਲਾਕੇ ਦੇ ਵਿਦਿਆਰਥੀਆ ਨੂੰ ਇਸ ਦਾਖ਼ਲਾ ਕੇਂਦਰ ਵਿੱਚ ਆ ਕੇ ਆਪਣੀ ਚੋਣ ਅਨੁਸਾਰ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਲੈਣ ਦੀ ਅਪੀਲ ਕੀਤੀ। ਅੰਤ ਵਿੱਚ ਡਾ ਜੇ ਬੀ ਸੇਖੋਂ ਨੇ ਪਿੰਡ ਦੀ ਪੰਚਾਇਤ ਅਤੇ ਹਾਜ਼ਰ ਵਸਨੀਕਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਜਗਦੀਪ ਰਾਣਾ, ਸੰਦੀਪ ਕੁਮਾਰ, ਦੀਪਕ ਰਾਣਾ,ਰਵਿੰਦਰ ਰਾਣਾ,ਜਗਦੀਪ ਸਿੰਘ, ਜਸਵੀਰ ਸਿੰਘ, ਪ੍ਰੋ ਜਸਵਿੰਦਰ ਸਿੰਘ, ਡਾ ਵਰਿੰਦਰ, ਪ੍ਰੋ ਪੰਕਜ ਕੁਮਾਰ, ਡਾ ਬਲਵੀਰ ਕੌਰ, ਡਾ ਰਾਕੇਸ਼ ਕੁਮਾਰ, ਪ੍ਰੋ ਰਾਜਵਿੰਦਰ ਕੌਰ, ਡਾ ਪ੍ਰਭਜੋਤ ਕੌਰ, ਪ੍ਰੋ ਰੋਹਿਤ ਪੁਰੀ,ਪ੍ਰੋ ਕੰਚਨ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ।

By admin

Related Post