ਹੁਸ਼ਿਆਰਪੁਰ 27 ਮਾਰਚ (ਤਰਸੇਮ ਦੀਵਾਨਾ) ਅੱਜ ਕੱਲ੍ਹ ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਹਿਰ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ। ਹਰ ਗਲੀ, ਕਸਬੇ ਅਤੇ ਪਿੰਡਾਂ ਵਿਚੋਂ ਦਰਜਨਾਂ ਨੌਜਵਾਨ ਆਪਣਾ ਭਵਿੱਖ ਸੰਵਾਰਨ ਲਈ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਰਪ ਦੀਆਂ ਵੱਖ- ਵੱਖ ਯੂਨੀਵਰਸਿਟੀਆਂ ਵੱਲ ਰੁਖ ਕਰ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆਂ ਵਾਲਿਆਂ ਨੇਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕੀ ਇਸ ਰੁਝਾਨ ਨੇ ਪੰਜਾਬ ਦੇ ਸਮਾਜ,ਆਰਥਿਕਤਾ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਪਰਿਵਾਰਿਕ ਸਬੰਧਾਂ ਤੇ ਵੀ ਡੂੰਘਾ ਪ੍ਰਭਾਵ ਪਾਇਆ ਹੈ। ਵਿਦੇਸ਼ਾਂ ਵਿੱਚ ਵੱਸਣ ਕਰਕੇ ਬੱਚੇ ਆਪਣੇ ਪਰਿਵਾਰ ਨਾਲੋ ਵੀ ਟੁੱਟ ਰਹੇ ਹਨ।
ਉਹਨਾ ਕਿਹਾ ਕਿ ਕਈ ਬੱਚੇ ਕਰਜਾ ਚੁੱਕ ਕੇ ਅਤੇ ਜ਼ਮੀਨ ਵੇਚ ਕੇ ਵਿਦੇਸ਼ਾਂ ਵਿੱਚ ਜਾ ਕੇ ਬੈਠੇ ਹੋਏ ਹਨ। ਕਈ ਬੱਚੇ ਤਾ ਲੱਖਾ ਰੁਪਏ ਲਾ ਕੇ ਡੋਂਕੀ ਰਾਹੀਂ ਵਿਦੇਸ਼ ਜਾ ਪਹੁੰਚੇ ਹਨ ਜਿਸ ਕਰਕੇ ਉਥੋਂ ਦੀਆਂ ਸਰਕਾਰਾਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕਰ ਰਹੀਆਂ ਹਨ। ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਨਵੀਂ ਪਰਵਾਸ ਨੀਤੀ ਤਹਿਤ ਗੈਰ ਕਾਨੂੰਨੀ ਪਰਵਾਸੀਆਂ ਨੂੰ ਜ਼ਬਰਨ ਕੱਢੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧ ਰਿਹਾ ਰੁਝਾਨ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਵਧੀਆ ਨੌਕਰੀ ਅਤੇ ਵਿਕਾਸ ਦੇ ਮੌਕੇ ਮਿਲਣ ਤਾਂ ਨੌਜਵਾਨਾਂ ਨੂੰ ਆਪਣੀ ਮਿੱਟੀ ਛੱਡਣ ਦੀ ਲੋੜ ਨਹੀਂ ਪਵੇਗੀ।
ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾਂ ਜਾਵੇ। ਜੇਕਰ ਸਰਕਾਰਾ ਨੌਜਵਾਨਾ ਨੂੰ ਇੱਥੇ ਹੀ ਰੁਜਗਾਰ ਦੇਣ ਤਾ ਫਿਰ ਨੌਜਵਾਨਾਂ ਨੂੰ ਵਿਦੇਸ਼ ਜਾਣ ਲੋੜ ਨਹੀਂ ਪਵੇਗੀ।