ਹੁਸ਼ਿਆਰਪੁਰ, 2 ਅਗਸਤ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਈ ਜਾ ਰਹੀ ਅੰਤਰ-ਜ਼ਿਲ੍ਹਾ ਸੀਨੀਅਰ ਕਟੋਚ ਸ਼ੀਲਡ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਹੁਸ਼ਿਆਰਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੋਪੜ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਇਸ ਸ਼ਾਨਦਾਰ ਜਿੱਤ ਨਾਲ ਹੁਸ਼ਿਆਰਪੁਰ ਨੇ ਅੰਕ ਸੂਚੀ ਵਿੱਚ 4 ਮਹੱਤਵਪੂਰਨ ਅੰਕ ਹਾਸਲ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਨਿਰਧਾਰਤ 50-50 ਓਵਰਾਂ ਦੇ ਇਸ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਾਰੇ ਵਿਕਟ ਗੁਆ ਕੇ 294 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
ਹੁਸ਼ਿਆਰਪੁਰ ਵੱਲੋਂ ਐਸ਼ਵੀਰ ਸਿੰਘ ਨੇ ਸਰਵੋਤਮ 73 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਕਾਰਤਿਕ ਗੋਸਾਈਂ ਨੇ 69 ਦੌੜਾਂ, ਰਚਿਤ ਸੋਨੀ ਨੇ 31 ਦੌੜਾਂ, ਕਪਤਾਨ ਕਰਮਵੀਰ ਨੇ 46 ਦੌੜਾਂ, ਹਰਪ੍ਰੀਤ ਸਿੰਘ ਨੇ 22 ਦੌੜਾਂ ਅਤੇ ਰਜਤ ਸ਼ਰਮਾ ਨੇ 11 ਦੌੜਾਂ ਦਾ ਬਹੁਮੁੱਲਾ ਯੋਗਦਾਨ ਦਿੱਤਾ। ਰੋਪੜ ਟੀਮ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਨਿਪੁਣ ਨੇ 3 ਵਿਕਟਾਂ ਲਈਆਂ, ਜਦੋਂ ਕਿ ਮਯੰਕ ਗੁਪਤਾ ਅਤੇ ਜਸ਼ਨਪ੍ਰੀਤ ਸਿੰਘ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ।
ਉਤਰੀ ਰੋਪੜ ਦੀ ਟੀਮ ਹੁਸ਼ਿਆਰਪੁਰ ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ ਟਿਕ ਨਹੀਂ ਸਕੀ
ਜਿੱਤ ਲਈ ਮਿਲੇ 295 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਰੋਪੜ ਦੀ ਟੀਮ ਹੁਸ਼ਿਆਰਪੁਰ ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ ਟਿਕ ਨਹੀਂ ਸਕੀ। ਪੂਰੀ ਟੀਮ 47.2 ਓਵਰਾਂ ਵਿੱਚ 259 ਦੌੜਾਂ ‘ਤੇ ਹੀ ਸਿਮਟ ਗਈ। ਰੋਪੜ ਵੱਲੋਂ ਜੀਵਨਜੋਤ ਬਾਜਵਾ ਨੇ 76 ਦੌੜਾਂ ਅਤੇ ਗਗਨ ਵਰਮਾ ਨੇ 39 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਹੁਸ਼ਿਆਰਪੁਰ ਵੱਲੋਂ ਘਾਤਕ ਗੇਂਦਬਾਜ਼ੀ ਕਰਦੇ ਹੋਏ ਧਰੁਵ ਬੰਗਾਨੀਆ ਨੇ 4 ਵਿਕਟਾਂ ਲਈਆਂ, ਜਦੋਂ ਕਿ ਰਜਤ ਸ਼ਰਮਾ ਤੇ ਕਾਰਤਿਕ ਗੋਸਾਈਂ ਨੇ 2-2 ਅਤੇ ਕਪਤਾਨ ਕਰਮਵੀਰ ਤੇ ਕੁਲਵੀਰ ਸਿੰਘ ਨੇ 1-1 ਖਿਡਾਰੀ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।
ਹੁਸ਼ਿਆਰਪੁਰ ਟੀਮ ਦੀ ਇਸ ਸ਼ਾਨਦਾਰ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਡਾ. ਘਈ ਨੇ ਉਨ੍ਹਾਂ ਨੇ ਉਮੀਦ ਜਤਾਈ ਕਿ ਖਿਡਾਰੀ ਅੱਗੇ ਵੀ ਆਪਣੀ ਇਸ ਬਿਹਤਰੀਨ ਫਾਰਮ ਨੂੰ ਜਾਰੀ ਰੱਖਣਗੇ।
ਇਸ ਦੌਰਾਨ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਡਾ. ਪੰਕਜ ਸ਼ਿਵ, ਜਿਤੇਂਦਰ ਸੂਦ ਅਤੇ ਸੁਭਾਸ਼ ਸ਼ਰਮਾ ਨੇ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਜ਼ਿਲ੍ਹਾ ਕੋਚ ਦਲਜੀਤ ਸਿੰਘ, ਟੀਮ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਸਹਾਇਕ ਕੋਚ ਅਸ਼ੋਕ ਸ਼ਰਮਾ, ਪ੍ਰਵੀਨ ਸ਼ਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਪੂਰੀ ਟੀਮ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ਅਤੇ ਆਗਾਮੀ ਮੈਚਾਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਟੀਮ ਦਾ ਅਗਲਾ ਮੁਕਾਬਲਾ ਜ਼ਿਲ੍ਹਾ ਨਵਾਂਸ਼ਹਿਰ ਦੀ ਟੀਮ ਨਾਲ ਖੇਡਿਆ ਜਾਵੇਗਾ।

