Breaking
Sun. Oct 12th, 2025

ਚਾਰ ਹਫ਼ਤਿਆਂ ਦੇ ਡੇਅਰੀ ਉੱਦਮ ਸਿਖ਼ਲਾਈ ਕੋਰਸ ਦੀ ਸ਼ੁਰੂਆਤ 24 ਫਰਵਰੀ ਤੋਂ

ਡੇਅਰੀ ਉੱਦਮ ਸਿਖ਼ਲਾਈ

ਵੱਖ-ਵੱਖ ਮਾਹਰਾਂ ਵੱਲੋਂ ਦਿੱਤੀ ਜਾਵੇਗੀ ਸਿਖ਼ਲਾਈ : ਡਿਪਟੀ ਡਾਇਰੈਕਟਰ

ਜਲੰਧਰ 17 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ ਚਾਰ ਹਫਤੇ ਦਾ ਡੇਅਰੀ ਉੱਦਮ ਸਿਖ਼ਲਾਈ ਕੋਰਸ 24 ਫਰਵਰੀ 2025 ਤੋਂ ਡੇਅਰੀ ਸਿਖ਼ਲਾਈ ਕੇਂਦਰ, ਫ਼ਗਵਾੜਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ ਚਾਹਵਾਨ ਨੌਜਵਾਨ, ਜਿਨ੍ਹਾਂ ਦੀ ਉਮਰ 18 ਤੋਂ 55 ਸਾਲ ਦਰਮਿਆਨ ਹੋਵੇ ਅਤੇ ਘੱਟ ਤੋਂ ਘੱਟ 10ਵੀਂ ਪਾਸ ਹੋਣ ਅਤੇ ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣ, ਸਿਖ਼ਲਾਈ ਵਿੱਚ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਇਸ ਸਿਖ਼ਲਾਈ ਕੋਰਸ ਵਿੱਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਵੱਖ-ਵੱਖ ਬੀਮਾਰੀਆਂ, ਮਨਸੂਹੀ ਗਰਭਦਾਨ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖ਼ਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦੇ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਡੇਅਰੀ ਉੱਦਮ ਸਿਖ਼ਲਾਈ ਕੋਰਸ ਕਰਨ ਦੇ ਚਾਹਵਾਨ ਨੌਜਵਾਨ 19-02-2025 ਤੱਕ ਦਫ਼ਤਰ, ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਜਲੰਧਰ, ਆਰ.ਡੀ.ਡੀ.ਐਲ ਕੰਪਲੈਕਸ ਲਾਡੋਵਾਲੀ ਰੋਡ ਵਿਖੇ ਹਾਜ਼ਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਸਿਖਿਆਰਥੀਆਂ ਦੀ ਜਨਰਲ ਕੈਟਾਗਰੀ ਲਈ ਫੀਸ 5000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98781-44601 ਅਤੇ 94787-26641 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

By admin

Related Post