ਪੁਨਰ ਸੁਰਜੀਤੀ ਦੇ ਆਖਰੀ ਪੜਾਅ ਵੱਲ ਵੱਧ ਰਹੀ ਮੁਹਿੰਮ ਜ਼ਿੰਮੇਵਾਰ ਲੀਡਰਸ਼ਿਪ ਦੇਣ ਲਈ ਵਚਨਬੱਧ
ਹੁਕਮਨਾਮਾ ਸਾਹਿਬ ਦੀ ਇੰਨ ਬਿੰਨ ਹੋਵੇਗੀ ਪੂਰਤੀ- ਇਯਾਲੀ
ਹੁਸ਼ਿਆਰਪੁਰ 20 ਮਈ (ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਵੱਲੋਂ ਜਾਰੀ ਭਰਤੀ ਮੁਹਿੰਮ ਦਾ ਵੱਧ ਰਿਹਾ ਕਾਫ਼ਲਾ ਅੱਜ ਬੱਬਰ ਅਕਾਲੀ ਲਹਿਰ ਦੀ ਜਨਮ ਭੂਮੀ ਜ਼ਿਲਾ ਹੁਸ਼ਿਆਰਪੁਰ ਪਹੁੰਚਿਆ। ਮਾਲਵਾ ਤੋਂ ਉੱਠੀ ਪੰਥਕ ਅਤੇ ਅਕਾਲੀ ਸੋਚ ਨੂੰ ਜਾਗਰੂਕ ਕਰਦੀ ਕ੍ਰਾਂਤੀ ਦੀ ਲਹਿਰ ਵਿੱਚ ਦੁਆਬਾ ਦੀ ਧਰਤੀ ਵੀ ਰੰਗੀ ਨਜ਼ਰ ਆਈ। ਭਰਤੀ ਮੁਹਿੰਮ ਦੀ ਲਾਮਬੰਦੀ ਲਈ ਰੱਖੀ ਮੀਟਿੰਗ ਵੱਡੀ ਸਿਆਸੀ ਕਾਨਫਰੰਸ ਦੇ ਰੂਪ ਬੇਹੱਦ ਕਾਮਯਾਬ ਹੋ ਨਿੱਬੜੀ।
ਇਸ ਮੌਕੇ ਖਾਸ ਤੌਰ ਤੇ ਪਹੁੰਚੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰੂ ਘਰਾਂ ਦੀ ਰਾਖੀ ਅਤੇ ਵਾੜ ਦੇ ਰੂਪ ਵਿੱਚ ਹੋਈ, ਪਰ ਅੱਜ ਕੌਮ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਆਪਣੇ ਅਸਲੀ ਕਾਰਜ ਤੋ ਪਾਸੇ ਹੱਟ ਕੇ ਨਿੱਜ ਪ੍ਰਸਤ ਵੱਲ ਵੱਧ ਚੁੱਕੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਰਤਾਰੇ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਕਿਹਾ ਕਿ ਓਹਨਾ ਲੋਕਾਂ ਵਲੋ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਭੁਗਤ ਰਹੀ ਹੈ।
ਇਸ ਮੌਕੇ ਠਾਠਾਂ ਮਾਰਦੇ ਵਰਕਰਾ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਇਯਾਲੀ ਨੇ ਬੀਤੇ ਦਿਨ ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਭਰਤੀ ਨੂੰ ਮਿਲੇ ਭਰਪੂਰ ਹੁੰਗਾਰੇ ਦੀ ਗੱਲ ਕਰਦਿਆਂ ਕਿਹਾ ਕਿ,ਦੁਨੀਆਂ ਦੇ ਹਰ ਖੇਤਰ ਵਿੱਚ ਬੈਠਾ ਪੰਜਾਬੀ ਮੰਨ ਬਣਾ ਚੁੱਕਾ ਹੈ ਕਿ, ਆਪਣੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤੇ ਬਗੈਰ ਮਸਲੇ ਹੱਲ ਨਹੀਂ ਹੋਣ ਵਾਲੇ, ਇਸ ਕਰਕੇ ਅੱਜ ਹਰ ਪੰਜਾਬੀ ਦੀ ਅਵਾਜ ਹੈ ਕਿ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਇਯਾਲੀ ਨੇ ਮੁੜ ਦੁਹਰਾਇਆ ਕਿ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ, ਪੂਰੀ ਦ੍ਰਿੜਤਾ ਨਾਲ ਪੰਥ ਅਤੇ ਪੰਜਾਬ ਨੂੰ ਪ੍ਰਵਾਣਿਤ ਲੀਡਰਸ਼ਿਪ ਦਿੱਤੀ ਜਾਵੇਗੀ।
ਪੁਨਰ ਸੁਰਜੀਤੀ ਦਾ ਪੂਰਾ ਕਾਰਜ ਹੁਕਮਨਾਮਾ ਸਾਹਿਬ ਦੀ ਭਾਵਨਾ ਹੇਠ ਹੋਵੇਗਾ
ਇਯਾਲੀ ਨੇ ਸਪੱਸ਼ਟ ਕੀਤਾ ਕਿ ਪੁਨਰ ਸੁਰਜੀਤੀ ਦਾ ਪੂਰਾ ਕਾਰਜ ਹੁਕਮਨਾਮਾ ਸਾਹਿਬ ਦੀ ਭਾਵਨਾ ਹੇਠ ਹੋਵੇਗਾ, ਇੱਕ ਕਦਮ ਹੁਕਮਨਾਮਾ ਸਾਹਿਬ ਤੋਂ ਬਾਹਰ ਜਾਕੇ ਕੋਈ ਵੀ ਕਾਰਜ ਜਾਂ ਨਿਯੁਕਤੀ ਨਹੀਂ ਹੋਵੇਗੀ। ਹੁਕਮਨਾਮਾ ਸਾਹਿਬ ਦੀਆਂ ਭਾਵਨਾਵਾਂ ਦੀਆਂ ਪਹਿਲੀਆਂ ਸਤਰਾਂ ਮੁਤਾਬਿਕ ਬਿਲਕੁਲ ਸਹੀ ਅਤੇ ਬਣਨ ਵਾਲੇ ਮੈਂਬਰ ਨੂੰ ਤਸਦੀਕ ਕਰਦਾ ਪਰੂਫ਼ ਲਗਾਕੇ ਮੈਂਬਰਸ਼ਿਪ ਭਰੀ ਜਾ ਰਹੀ ਹੈ,18 ਜੂਨ ਤੱਕ ਭਰਤੀ ਨੂੰ ਪੂਰਾ ਕੀਤਾ ਜਾਵੇਗਾ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2022 ਦੀ ਸ਼ਰਮਨਾਕ ਹਾਰ ਤੋਂ ਬਾਅਦ ਲੀਡਰਸ਼ਿਪ ਨੇ ਪਾਰਟੀ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਬਹਾਲੀ ਦੀ ਮੰਗ ਚੁੱਕੀ।
ਇਸ ਅਵਾਜ ਨੂੰ ਸੁਣਨ ਅਤੇ ਇਸ ਤੇ ਗੌਰ ਕਰਨ ਦੀ ਬਜਾਏ ਕਾਬਜ ਲੀਡਰਸ਼ਿਪ ਨੇ ਇਸ ਤੋਂ ਮੁਨਕਰ ਹੋਣਾ ਸ਼ੁਰੂ ਕਰ ਦਿੱਤਾ। ਝੂੰਦਾਂ ਕਮੇਟੀ ਦੀ ਸਿਫਾਰਿਸ਼ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ। ਇਸ ਦੇ ਨਾਲ ਹੀ ਪਾਰਟੀ ਦੀ ਦਿੱਖ ਨੂੰ ਢਾਅ ਲਗਾਉਣ ਵਾਲੇ ਲੋਕਾਂ ਨੂੰ ਪਾਸੇ ਕਰਕੇ ਚੰਗੇ ਅਤੇ ਇਮਾਨਦਾਰ ਚਿਹਰੇ ਅੱਗੇ ਕਰੋ, ਪਰ ਤਿਆਗ ਦੀ ਭਾਵਨਾ ਨਾ ਦਿਖਾਉਣ ਵਾਲੇ ਲੋਕਾਂ ਨੇ ਵਰਕਰਾਂ ਦੀ ਭਾਵਨਾ ਨੂੰ ਕਦੇ ਪ੍ਰਵਾਨ ਨਹੀਂ ਕੀਤਾ।
ਇਸ ਪੁਨਰ ਸੁਰਜੀਤੀ ਮੁਹਿੰਮ ਤਹਿਤ ਸਿਰਫ ਲੀਡਰਸ਼ਿਪ ਦੇ ਚਿਹਰੇ ਨਹੀਂ ਬਦਲਣੇ, ਸਗੋਂ ਨੀਤੀ ਵੀ ਬਦਲਣੀ ਹੈ
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸੰਗਤ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ, ਇਸ ਪੁਨਰ ਸੁਰਜੀਤੀ ਮੁਹਿੰਮ ਤਹਿਤ ਸਿਰਫ ਲੀਡਰਸ਼ਿਪ ਦੇ ਚਿਹਰੇ ਨਹੀਂ ਬਦਲਣੇ, ਸਗੋਂ ਨੀਤੀ ਵੀ ਬਦਲਣੀ ਹੈ। ਇਸ ਬਦਲੀ ਹੋਈ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਤੋਂ ਸਿਧਾਂਤਕ ਅਤੇ ਕਾਰਜ ਪੱਖ ਤੋਂ ਵੱਖ ਕਿਵੇਂ ਹੈ, ਇਸ ਵਿਲੱਖਣਤਾ ਨੂੰ ਪੇਸ਼ ਕਰਦੀ ਤਸਵੀਰ ਦੇ ਰੂਪ ਵਿੱਚ ਪੰਥ ਅਤੇ ਪੰਜਾਬ ਪ੍ਰਸਤ ਨਵੀਂ ਲੀਡਰਸ਼ਿਪ ਦਾ ਉਭਾਰ ਅਤੇ ਉਥਾਨ ਹੋਵੇਗਾ।
ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅੱਜ ਪੰਜਾਬ ਦੀ ਫ਼ਿਜ਼ਾ ਉਦਾਸ ਹੈ। ਨਿਰਾਸ਼ਤਾ ਅਤੇ ਨਿਆਸਰੇ ਵਾਲੀ ਸਥਿਤੀ ਵਿੱਚੋਂ ਪੰਜਾਬ ਗੁਜਰ ਰਿਹਾ ਹੈ। ਇਸ ਵਿੱਚੋ ਨਿਲਕਣ ਦਾ ਇਕੋ ਇੱਕ ਰਸਤਾ ਹੈ ਕਿ ਅਸੀਂ ਜੱਥੇਬੰਧਕ ਤੌਰ ਤੇ ਮਜ਼ਬੂਤ ਹੋਈਏ। ਆਪਣੀ ਪੰਥਕ ਸ਼ਕਤੀ ਨੂੰ ਮਜ਼ਬੂਤ ਕਰੀਏ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਭਰਤੀ ਦਾ ਕੰਮ ਨੇਪਰੇ ਚੜਨ ਵਾਲਾ ਹੈ, ਅਗਲਾ ਕਾਰਜ ਸੰਗਤ ਨੇ ਕਰਨਾ ਹੈ,ਸੰਗਤ ਸਾਹਮਣੇ ਦੋ ਰਸਤੇ ਨੇ, ਇੱਕ ਭਗੌੜਾ ਦਲ ਵੱਲ ਜਾਂਦਾ ਹੈ ਦੂਜਾ ਰਸਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੜੇ ਨਾਲ ਚੁਣੀ ਜਾਣ ਪੰਥ ਅਤੇ ਪੰਜਾਬ ਪ੍ਰਵਾਣਿਤ ਲੀਡਰਸ਼ਿਪ ਵੱਲ, ਸੰਗਤ ਕੋਲ ਖੁੱਲਾ ਵਿਕਲਪ ਅਤੇ ਰਸਤਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਕੌਮ ਦੀ ਤਸਵੀਰ ਅਤੇ ਤਕਦੀਰ ਧੁੰਦਲੀ ਪੈ ਚੁੱਕੀ ਹੈ
ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਕੌਮ ਦੀ ਤਸਵੀਰ ਅਤੇ ਤਕਦੀਰ ਧੁੰਦਲੀ ਪੈ ਚੁੱਕੀ ਹੈ। ਖ਼ੂਨ ਪਸੀਨੇ ਨਾਲ ਸਿੰਜੀ ਸਾਡੀ ਪੰਥ ਅਤੇ ਪੰਜਾਬ ਦੀ ਮਾਂ ਪਾਰਟੀ ਅਯੋਗ ਲੋਕਾਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ। ਪਾਰਟੀ ਦੇ ਸੁਨਹਿਰੀ ਇਤਿਹਾਸ ਨੂੰ ਦੁਹਰਾਉਣ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ, ਪੰਜ ਮੈਂਬਰੀ ਭਰਤੀ ਕਮੇਟੀ ਜਰੀਏ ਆਸ ਅਤੇ ਉਮੀਦ ਤੇ ਖਰਾ ਉਤਰਦੀ ਲੀਡਰਸ਼ਿਪ ਦੀ ਭਾਲ ਨਿਸਚਿਤ ਰੂਪ ਵਿੱਚ ਪੂਰਾ ਹੋਵੇਗੀ।
ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਦਾ ਵਰਕਰ ਘੱਟ ਰਹੀ ਵੋਟ ਫ਼ੀਸਦ ਤੋ ਚਿੰਤਤ ਹੈ। ਪਿਛਲੇ ਪੰਜ ਇਲੈਕਸ਼ਨ ਵਿੱਚ ਇੱਕ ਵਿਅਕਤੀ ਦੀ ਅਗਵਾਈ ਹੇਠ ਪਾਰਟੀ ਬੁਰੀ ਤਰ੍ਹਾਂ ਹਾਰੀ ਪਰ ਉਸ ਵਲੋ ਕਦੇ ਵੀ ਤਿਆਗ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ ਗਿਆ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਗੈਰ ਸਿਧਾਂਤਕ ਅਤੇ ਗੈਰ ਪੰਥਕ ਫੈਸਲੇ ਹੋਏ, ਜਿਸ ਨੂੰ ਸਾਡੇ ਵਰਕਰਾਂ ਨੇ ਕਬੂਲ ਨਹੀਂ ਕੀਤਾ। ਪਾਰਟੀ ਸੰਗਠਨ ਉਪਰ ਗੈਰ ਤਜੁਰੇਬਕਾਰ ਲੋਕਾਂ ਦਾ ਕਾਬਜ ਹੋਣ ਦਾ ਖ਼ੁਮਿਆਜਾ ਅੱਜ ਵਰਕਰ ਭੁਗਤ ਰਹੇ ਹਨ। ਢੀਂਡਸਾ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਅਗਲੇ ਹਫਤੇ ਤੱਕ ਪੂਰੀ ਤਨਦੇਹੀ ਨਾਲ ਲੱਗ ਕੇ ਭਰਤੀ ਕਾਪੀਆਂ ਨੂੰ ਪੂਰਾ ਕਰਦੇ ਹੋਏ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰਨ।
ਇਸ ਮੀਟਿੰਗ ਨੂੰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਵਿੱਚ ਪਹੁੰਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਕਿ ਦੁਆਬੇ ਦੀ ਧਰਤੀ ਤੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲਣ ਵਾਲਾ ਸਹਿਯੋਗ ਨਵੀਂ ਇਬਾਰਤ ਲਿਖਣ ਜਾ ਰਿਹਾ ਹੈ।
ਇਸ ਸਮੇਂ , ਮਨਜੀਤ ਸਿੰਘ ਦਸੂਹਾ, ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਪਰਮਿੰਦਰ ਸਿੰਘ ਪੰਨੂ, ਜਗਤਾਰ ਸਿੰਘ ਬਲਾਲਾ, ਹਰਕਮਲ ਜੀਤ ਸਿੰਘ ਸਹੋਤਾ, ਹਰਜੀਤ ਸਿੰਘ ਭਾਂਤਪੁਰ, ਬੂਟਾ ਸਿੰਘ ਅਲੀਪੁਰ, ਗੁਰਿੰਦਰ ਸਿੰਘ ਗੋਲਡੀ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁੱਰ, ਸੁਖਵਿੰਦਰ ਸਿੰਘ ਮੂਨਕ, ਇੰਦਰਜੀਤ ਸਿੰਘ ਖਾਲਸਾ, ਰਸ਼ਮਿੰਦਰ ਸਿੰਘ ਕੰਗ, ਜਸਦੀਪ ਸਿੰਘ ਰਾਮਦਾਸਪੁਰ, ਗੁਰਤੇਜ ਸਿੰਘ ਕੁੰਢਲ, ਬਲਵਿੰਦਰ ਸਿੰਘ ਬੌਬੀ, ਅਵਤਾਰ ਸਿੰਘ ਬਾਹੋਵਾਲ, ਅਮਰਜੀਤ ਸਿੰਘ ਪੁਰਖੋਵਾਲ ਸਮੇਤ ਵੱਡੀ ਗਿੱਣਤੀ ਵਿੱਚ ਲੋਕ ਹਾਜ਼ਰ ਸਨ।