ਹੁਸ਼ਿਆਰਪੁਰ, 13 ਅਪਰੈਲ (ਤਰਸੇਮ ਦੀਵਾਨਾ)- ਅਹਿਮਦੀਆ ਮੁਸਲਿਮ ਜਮਾਤ, ਕਾਦਿਆਨ ਵਲੋਂ ਹੁਸ਼ਿਆਰਪੁਰ ਦੇ ਸਥਿਤ ਹੋਟਲ ਪ੍ਰੇਜ਼ੀਡੈਂਸੀ ਵਿੱਚ ਇਕ ਵਿਸ਼ਾਲ ਈਦ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਮੁੱਖ ਉਦੇਸ਼ ਵੱਖ-ਵੱਖ ਧਰਮਾਂ ਅਤੇ ਕੌਮਾਂ ਵਿਚਕਾਰ ਭਾਈਚਾਰੇ, ਸਦਭਾਵਨਾ, ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਹੈ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ, ਜਿਸ ਨੇ ਸਭ ਦੀਆਂ ਰਗਾਂ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜਾ ਦਿੱਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਸੀਰੁਲ ਹਕ ਆਚਾਰਿਆ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਸ਼ਹਿਰ ਦੇ ਕਈ ਪ੍ਰਮੁੱਖ ਨਾਗਰਿਕਾਂ, ਵਿੱਚੋ ਚੁਣੇ ਹੋਏ ਜਨ ਪ੍ਰਤਿਨਿਧੀਆਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਨੇ ਸਮਾਰੋਹ ਦੀ ਸ਼ਾਨ ਵਿਚ ਵਾਧਾ ਕੀਤਾ।
ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਈਚਾਰੇ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਲੋੜ ਉਤੇ ਜੋਰ ਦਿੱਤਾ। ਪ੍ਰਮੁੱਖ ਮਹਿਮਾਨਾਂ ਵਿੱਚ ਸ਼ਾਮਲ ਸਨ-ਵਿਧਾਇਕ, ਹੁਸ਼ਿਆਰਪੁਰ, ਸੁਰਿੰਦਰ ਸ਼ਿੰਦਾ ਮੇਅਰ ਅਨੁਰਾਗ ਸੂਦ, ਸਮਾਜ ਸੇਵੀ ਸ਼੍ਰੀਮਤੀ ਕਿਰਨਜੀਤ ਕੌਰ, ਜ਼ਿਲ੍ਹਾ ਪ੍ਰਧਾਨ, ਆਮ ਆਦਮੀ ਪਾਰਟੀ ਰਮੇਸ਼ ਚੰਦਰ, ਸਾਬਕਾ ਆਈਐਫਐਸ ਅਧਿਕਾਰੀ ਡਾ. ਅਜੈ ਕੁਮਾਰ ਮਲ, ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਇਨਾਮ ਗੌਰੀ ਨੇ ਆਪਣੇ ਉਤਸ਼ਾਹਪੂਰਕ ਸੰਬੋਧਨ ਵਿੱਚ ਕਿਹਾ: ਕਿ “ਅਸੀਂ ‘ਸਭ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ’ ਦੇ ਅਸੂਲ ‘ਤੇ ਅਮਲ ਕਰਦੇ ਹਾਂ। ਅਸੀਂ ਭਾਰਤ ਤੇ ਦੁਨੀਆ ਭਰ ਵਿੱਚ ਮਨੁੱਖਤਾ ਦੀ ਸੇਵਾ ਅਤੇ ਸ਼ਾਂਤੀ ਦੀ ਸਥਾਪਨਾ ਲਈ ਵਚਨਬੱਧ ਹਾਂ। ਭਾਰਤ ਉਹ ਧਰਤੀ ਹੈ ਜਿਥੇ ਕਈ ਧਰਮਾਂ ਅਤੇ ਸਭਿਆਚਾਰਾਂ ਦੇ ਲੋਕ ਪਿਆਰ ਅਤੇ ਇਜ਼ਤ ਨਾਲ ਇਕੱਠੇ ਵਸਦੇ ਹਨ। ਈਦ ਮਿਲਨ ਵਰਗੇ ਸਮਾਗਮ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਏਕਤਾ ਦੀ ਸ਼ਾਨਦਾਰ ਉਦਾਹਰਨ ਪੇਸ਼ ਕਰਦੇ ਹਨ।”
ਧਾਰਮਿਕ ਅਤੇ ਸਮਾਜਿਕ ਸੰਦੇਸ਼:
ਸਮਾਗਮ ਦੌਰਾਨ ਹਜ਼ਰਤ ਮੁਹੰਮਦ (ਸੱਲੱਲਾਹੋ ਅਲੈਹਿ ਵਸੱਲਮ) ਦੀ ਇੱਕ ਮਹੱਤਵਪੂਰਨ ਹਦੀਸ ਨੂੰ ਯਾਦ ਕਰਵਾਇਆ ਗਿਆ:
“ਤੁਸੀਂ ਆਪਣੇ ਲਈ ਜੋ ਚਾਹੁੰਦੇ ਹੋ, ਉਹੀ ਹੋਰਾਂ ਲਈ ਵੀ ਚਾਹੋ – ਤਦ ਹੀ ਤੁਸੀਂ ਅਸਲੀ ਇਨਸਾਫ਼ ਕਰ ਸਕੋਗੇ।”
ਅਹਿਮਦੀਆ ਜਮਾਤ ਦੇ ਸੰਸਥਾਪਕ, ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ (ਅ.ਸ.) ਦੇ ਸੰਦੇਸ਼ ਨੂੰ ਵੀ ਯਾਦ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਮਨੁੱਖਤਾ ਨੂੰ ਪਰਮਾਤਮਾ ਨਾਲ ਜੁੜਨ ਅਤੇ ਆਪਸੀ ਪਿਆਰ, ਭਾਈਚਾਰੇ ਅਤੇ ਸ਼ਾਂਤੀ ਨੂੰ ਵਧਾਵਣ ਲਈ ਕਿਹਾ ਸੀ।
ਮੌਜੂਦਾ ਵਿਸ਼ਵ ਚੁਣੌਤੀਆਂ:
ਸਭ ਸਪੀਕਰਾਂ ਨੇ ਆਧੁਨਿਕ ਵਿਸ਼ਵ ਦੀਆਂ ਚੁਣੌਤੀਆਂ ਉਤੇ ਵਿਚਾਰ ਕਰਦੇ ਹੋਏ ਕਿਹਾ ਕਿ ਮਨੁੱਖਤਾ ਨੂੰ ਦੁਬਾਰਾ ਪਰਮਾਤਮਾ ਵੱਲ ਰੁਜਾਣ ਕਰਕੇ ਇਨਸਾਫ਼ ਅਤੇ ਨਿਆਂ ਦੀ ਪਾਲਣਾ ਕਰਨ ਦੀ ਲੋੜ ਹੈ। ਸੱਚੀ ਏਕਤਾ ਅਤੇ ਅਮਨ ਤਦ ਹੀ ਸੰਭਵ ਹੈ ਜਦੋਂ ਅਸੀਂ ਹੋਰਾਂ ਲਈ ਉਹੀ ਚਾਹੀਏ ਜੋ ਆਪਣੇ ਲਈ ਚਾਹੁੰਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਪਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ,ਸ਼੍ਰੀਮਤੀ ਕਿਰਨਪ੍ਰੀਤ ਧਾਮੀ, ਮੁਕੇਸ਼ ਕੁਮਾਰ ਮਲ, ਰਣਜੀਤ ਪੌਲ, ਠਾਕੁਰ ਰਜਿੰਦਰ ਜੱਸਲ, ਸ਼੍ਰੀਮਤੀ ਸ਼ੋਭਾ ਰਾਣੀ ਕਣਵਰ, ਜਸਪਾਲ ਸੁਮਨ, ਵਿਸ਼ਾਲ ਆਦਿਆ, ਮਖਦੂਮ ਸ਼ਰੀਫ਼, ਅਤਾਉਲ ਮੋਮਿਨ, ਨਸਰੁਲ ਮਿਨੱਲਾਹ ਅਤੇ ਹੋਰ ਕਈ ਵੱਡੇ ਨਾਗਰਿਕ ਆਦਿ ਹਾਜ਼ਰ ਸਨ।
ਇਹ ਈਦ ਮਿਲਨ ਸਮਾਰੋਹ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਸਾਹਮਣੇ ਆਇਆ, ਜਿਸ ਨੇ ਸਰਵਧਰਮ ਏਕਤਾ, ਭਾਈਚਾਰੇ, ਅਤੇ ਆਪਸੀ ਸੰਵਾਦ ਨੂੰ ਉਤਸ਼ਾਹਿਤ ਕੀਤਾ। ਸਮਾਗਮ ਨੇ ਨਾ ਸਿਰਫ ਸਮਾਜਿਕ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਮਜ਼ਬੂਤ ਕੀਤਾ, ਸਗੋਂ ਇਹ ਮਜ਼ਬੂਤ ਸੰਦੇਸ਼ ਵੀ ਦਿੱਤਾ।