ਹੁਸ਼ਿਆਰਪੁਰ 29 ਮਾਰਚ ( ਤਰਸੇਮ ਦੀਵਾਨਾ ) – ਅੱਜ ਦੇ ਆਧੁਨਿਕ ਯੁੱਗ ਵਿੱਚ ਪੰਜਾਬੀ ਭਾਸ਼ਾ ਕੁਝ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਵੱਧਦੇ ਪ੍ਰਭਾਵ ਕਾਰਨ ਲੋਕ ਪੰਜਾਬੀ ਦੀ ਵਰਤੋਂ ਘੱਟ ਕਰ ਰਹੇ ਹਨ। ਸ਼ਹਿਰੀ ਇਲਾਕਿਆਂ ਵਿੱਚ ਖ਼ਾਸ ਕਰਕੇ ਨਵੀਂ ਪੀੜ੍ਹੀ ਪੰਜਾਬੀ ਦੀ ਬਜਾਏ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵੱਲ ਵੱਧ ਧਿਆਨ ਦੇ ਰਹੀ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਭਵਿੱਖ ਤੇ ਸਵਾਲ ਉਠਦੇ ਹਨ। ਇਸ ਦੇ ਨਾਲ ਹੀ, ਪੰਜਾਬੀ ਲਿਪੀ (ਗੁਰਮੁਖੀ) ਦੀ ਜਾਣਕਾਰੀ ਵਿੱਚ ਵੀ ਕਮੀ ਆ ਰਹੀ ਹੈ, ਜੋ ਇੱਕ ਗੰਭੀਰ ਮਸਲਾ ਹੈ। ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨਾ ਸਾਡੀ ਸੱਭਦੀ ਸਾਂਝੀ ਜ਼ਿੰਮੇਵਾਰੀ ਹੈ “ਹਿਜ਼ ਐਕਸੀਲੇੰਟ ਇਸਟੀਚਿਉਟ” ਅਤੇ “ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾ” ਹੁਸ਼ਿਆਰਪੁਰ ਦੇ ਐਮ ਡੀ ਡਾਂ. ਆਸ਼ੀਸ਼ ਸਰੀਨ ਨੇ ਕੁਝ ਚੌਣਵੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ, ਘਰ ਵਿੱਚ ਪੰਜਾਬੀ ਬੋਲਣ ਦੀ ਆਦਤ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਸਿੱਖਣ ਅਤੇ ਬੋਲਣ ਲਈ ਪ੍ਰੇਰਿਤ ਕਰਨ। ਉਹਨਾ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਨੂੰ ਯੋਗ ਮਾਣ-ਸਨਮਾਨ ਅਤੇ ਸਥਾਨ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਸੰਸਥਾਵਾਂ ਨੂੰ ਵੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਪੁਰਜ਼ੋਰ ਯਤਨ ਕਰਨੇ ਚਾਹੀਦੇ ਹਨ ਇਸ ਦੇ ਨਾਲ ਹੀ, ਨਵੀਂ ਤਕਨਾਲੋਜੀ ਦੇ ਨਾਲ ਪੰਜਾਬੀ ਨੂੰ ਜੋੜਨਾ ਬਹੁਤ ਜ਼ਰੂਰੀ ਹੈ, ਤਾਂ ਜੋ ਪੰਜਾਬੀ ਭਾਸ਼ਾ ਸਮੇਂ ਦੇ ਨਾਲ-ਨਾਲ ਅੱਗੇ ਵੱਧ ਸਕੇ। ਉਹਨਾ ਕਿਹਾ ਕਿ ਪੰਜਾਬੀ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੈ , ਸਗੋਂ ਸਾਡੀ ਪਹਿਚਾਣ , ਸੱਭਿਆਚਾਰ ਅਤੇ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ।
ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈ ਰੱਖਾਂਗੇ, ਤਾਂ ਸਾਡੀ ਪੰਜਾਬੀ ਮਾਤਰ ਭਾਸ਼ਾ ਸਦਾ ਜੀਵੰਤ ਰਹੇਗੀ
ਉਹਨਾ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਸਿਰਫ਼ ਵਰਤੋਂ ਵਿੱਚ ਹੀ ਨਾ ਲਿਆਈਏ, ਸਗੋਂ ਇਸਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਵੀ ਯਤਨ ਕਰੀਏ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈ ਰੱਖਾਂਗੇ, ਤਾਂ ਸਾਡੀ ਪੰਜਾਬੀ ਮਾਤਰ ਭਾਸ਼ਾ ਸਦਾ ਜੀਵੰਤ ਰਹੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮਾਣ ਦਾ ਕਾਰਨ ਬਣੇਗੀ। ਉਹਨਾ ਕਿਹਾ ਕਿ ਪੰਜਾਬੀ ਭਾਸ਼ਾ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਆਪਣੀਆ ਜੜ੍ਹਾਂ ਨਾਲ ਜੁੜੇ ਰਹਿਣ ਦਾ ਵੀ ਇੱਕ ਸਾਧਨ ਹੈ ਕਿਉਂਕਿ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ। ਉਥੇ ਪੰਜਾਬੀ ਭਾਸ਼ਾ ਸਿੱਖਿਆ, ਮੀਡੀਆ ਅਤੇ ਧਾਰਮਿਕ ਸਥਾਨਾਂ ਰਾਹੀਂ ਜੀਵੰਤ ਰੱਖੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਪੰਜਾਬੀ ਭਾਸ਼ਾ ਦੀ ਪਹੁੰਚ ਵੱਧਦੀ ਹੈ, ਸਗੋਂ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਵੀ ਵਿਸ਼ਵ ਪੱਧਰ ਤੇ ਮਜ਼ਬੂਤ ਹੁੰਦੀ ਹੈ।

