ਹੁਸ਼ਿਆਰਪੁਰ 2 ਮਈ ( ਤਰਸੇਮ ਦੀਵਾਨਾ) – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਰਟੀਆਈ ਦੇ ਜ਼ਿਲ੍ਾ ਪ੍ਰਧਾਨ ਐਡਵੋਕੇਟ ਸੂਰਜ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿੱਚ ਕੀਤੇ ਬੇਹੂਦਾ ਰਵੱਈਏ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਦੇਣ ਦੇ ਵਾਅਦਾ ਕਰਨ ਵਾਲੇ ਸੂਬੇ ਦੇ ਸਭ ਤੋਂ ਉੱਚੇ ਅਹੁਦੇ ‘ਤੇ ਬੈਠਾ ਵਿਅਕਤੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਵਿੱਚ ਜਾਵੇ ਤਾ ਇਹ ਲੋਕਤੰਤਰ ਅਤੇ ਪੰਜਾਬ ਦੀ ਜਨਤਾ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਖਾਧੀ ਸੀ, ਜੇਕਰ ਉਹ ਖ਼ੁਦ ਹੀ ਕਥਿਤ ਅਜਿਹੀ ਹਾਲਤ ਵਿੱਚ ਸਦਨ ਅੰਦਰ ਨਜ਼ਰ ਆਉਣਗੇ ਤਾਂ ਸੂਬੇ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਜਾਵੇਗਾ? ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਸਾਰੀ ਸੱਚਾਈ ਪਤਾ ਲੱਗ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ‘ਤੇ ਚੁੱਪੀ ਤੋੜਨੀ ਚਾਹੀਦੀ ਹੈ ਅਤੇ ਪਾਰਦਰਸ਼ਤਾ ਦਿਖਾਉਂਦੇ ਹੋਏ ਟੈਸਟ ਕਰਵਾ ਕੇ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ। ਜੇਕਰ ਮੁੱਖ ਮੰਤਰੀ ਸਹੀ ਹਨ ਤਾਂ ਉਨ੍ਹਾਂ ਨੂੰ ਟੈਸਟ ਕਰਵਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਉਹਨਾਂ ਕਿਹਾ ਕੀ ਸਦਨ ਵਰਗੇ ਪਵਿੱਤਰ ਸਥਾਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਅਲਕੋਹਲ ਟੈਸਟ ਕਰਵਾਉਣ ਵਿੱਚ ਕੋਈ ਹਰਜ਼ ਹੈ ! ਉਹਨਾਂ ਕਿਹਾ ਕਿ ਜੇਕਰ ਸੂਬੇ ਦਾ ਮੁਖੀ ਹੀ ਅਜਿਹੇ ਇਲਜ਼ਾਮਾਂ ਵਿੱਚ ਘਿਰਿਆ ਹੋਵੇ, ਤਾਂ ਨਸ਼ਾ ਵਿਰੋਧੀ ਮੁਹਿੰਮਾਂ ਦਾ ਨੌਜਵਾਨਾਂ ‘ਤੇ ਕੀ ਪ੍ਰਭਾਵ ਪਵੇਗਾ ! ਦੂਜੇ ਪਾਸੇ, ਆਮ ਆਦਮੀ ਪਾਰਟੀ (AAP) ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਪਾਰਟੀ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਬਚਿਆ, ਇਸ ਲਈ ਉਹ ਮੁੱਖ ਮੰਤਰੀ ਦੀ ਛਵੀ ਖਰਾਬ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੇ ਹਨ।

