ਭਾਜਪਾ ਹਕੂਮਤ ਦੇ ਚੌਤਰਫ਼ੇ ਹੱਲੇ ਖ਼ਿਲਾਫ਼ ਦੇਸ਼ ਭਗਤ ਕਮੇਟੀ ਵੱਲੋਂ ਕਨਵੈਨਸ਼ਨ 28 ਨੂੰ
ਜਲੰਧਰ 10 ਜੂਨ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ‘ਵਿਸ਼ਵ ਕਾਰਪੋਰੇਟ ਦਾ ਸੰਕਟ, ਲੋਕਾਂ ਉਪਰ ਚੌਤਰਫ਼ਾ ਹੱਲਾ ਅਤੇ ਇਸ ਖ਼ਿਲਾਫ਼ ਕੀ ਕਰਨਾ ਲੋੜੀਏ? ‘ ਅਤੇ ਮੁੱਢਲੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਉਪਰ ਵੀ ਬੁਲਡੋਜ਼ਰ ਚਾੜ ਰਹੀ ਅਤੇ ਇਸ ਤੋਂ ਵੀ ਅੱਗੇ ਵਧਕੇ ਲੋਕ-ਪੱਖੀ, ਅਗਾਂਹਵਧੂ ਇਨਕਲਾਬੀ ਵਿਗਿਆਨਕ ਵਿਚਾਰਧਾਰਾ ਦਾ ਬੀਜ਼ ਨਾਸ਼ ਕਰਨ ਦੇ ਬੇਸ਼ਰਮੀ ਭਰੇ ਐਲਾਨ ਕਰ ਰਹੀ ਭਾਜਪਾ ਹਕੂਮਤ ਦੇ ਇਰਾਦਿਆਂ ਖਿਲਾਫ਼ ਚੇਤਨਾ ਅਤੇ ਜਨ ਪ੍ਰਤੀਰੋਧ ਉਸਾਰਨ ਦੇ ਵਧੇਰੇ ਕਾਰਜ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਭਵਿੱਖ਼ ਵਿੱਚ ਕਮੇਟੀ ਨਿਰੰਤਰ ਵੱਖ-ਵੱਖ ਰੂਪਾਂ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੇਗੀ।
ਇਸ ਲੜੀ ਵਜੋਂ 28 ਜੂਨ ਦਿਨੇ 11:00 ਵਜੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ। ਇਸ ਕਨਵੈਨਸ਼ਨ ਨੂੰ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ ਅਤੇ ਡਾ. ਪਰਮਿੰਦਰ ਸਿੰਘ ਸੰਬੋਧਨ ਕਰਨਗੇ।
ਇਸ ਦੀ ਸਫ਼ਲਤਾ ਲਈ ਕਮੇਟੀ ਨੇ ਅੱਜ ਤੋਂ ਹੀ ਪ੍ਰਚਾਰ ਅਤੇ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੱਜ ਦੀ ਮੀਟਿੰਗ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਹਾਜ਼ਰ ਸਨ।