ਹੁਸ਼ਿਆਰਪੁਰ, 1 ਸਤੰਬਰ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਸ਼ਹਿਰ ਵਿੱਚ ਪੈ ਰਹੀ ਭਾਰੀ ਬਰਸਾਤ ਦਰਮਿਆਨ ਬੀਤੀ ਰਾਤ ਤੋਂ ਨਿਊ ਦਸਮੇਸ਼ ਨਗਰ ਇਲਾਕੇ ਵਿੱਚ ਬੰਦ ਹੋਈ ਬਿਜਲੀ ਨੂੰ ਠੀਕ ਕਰਨ ਲਈ ਵਰ੍ਹਦੇ ਮੀਹ ਵਿੱਚ ਬਿਜਲੀ ਦੇ ਟਰਾਂਸਫਾਰਮਰ ਉਪਰ ਫਿਊਜ ਲਾਉਣ ਲਈ ਚੜ੍ਹੇ ਠੇਕਾ ਅਧਾਰਤ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਮੌਕੇ ਤੇ ਇਕੱਠੇ ਹੋਏ ਲੋਕਾਂ ਮੁਤਾਬਕ ਕਾਲ ਦੀ ਗ੍ਰਾਹੀ ਬਣੇ ਉਕਤ ਠੇਕਾ ਅਧਾਰਿਤ ਮੁਲਾਜ਼ਮ ਦੋ ਹੋਰ ਪੱਕੇ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਬਿਨਾਂ ਸੁਰੱਖਿਆ ਉਪਕਰਨਾਂ ਤੋਂ ਟਰਾਂਸਫਾਰਮਰ ਦੇ ਉੱਪਰ ਚੜ ਕੇ ਫਿਊਜ ਲਾਉਣ ਦਾ ਕੰਮ ਕਰ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਬਲਜਿੰਦਰ ਸਿੰਘ ਪਿੰਡ ਭਾਗੋਵਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਸ ਦਾ ਸਕਾ ਭਤੀਜਾ ਮਨਿੰਦਰ ਸਿੰਘ (25) ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਭਾਗੋਵਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਸਬ ਅਰਬਨ ਸਬ ਡਿਵੀਜ਼ਨ ਵਿੱਚ ਠੇਕਾ ਅਧਾਰਤ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ |
ਕਰੰਟ ਦੀ ਸਪਲਾਈ ਪੂਰੀ ਤਰ੍ਹਾਂ ਕੱਟ ਨਾ ਹੋਣ ਕਾਰਣ ਮਨਿੰਦਰ ਸਿੰਘ ਨੂੰ ਜ਼ੋਰਦਾਰ ਝੱਟਕਾ ਲੱਗਾ
ਅੱਜ ਸਵੇਰੇ 8 ਵਜੇ ਜਦੋਂ ਉਹ ਕੰਮ ਤੇ ਹਾਜ਼ਰ ਹੋਇਆ ਤਾਂ ਉਸ ਨੂੰ ਬਿਜਲੀ ਮਹਿਕਮੇ ਵਿੱਚ ਪੱਕੇ ਮੁਲਾਜ਼ਮ ਵਜੋਂ ਕੰਮ ਕਰ ਰਹੇ ਪਲਵਿੰਦਰ ਸਿੰਘ ਅਤੇ ਸ਼ਿਵ ਕੁਮਾਰ ਨਾਲ ਲੈ ਕੇ ਬਿਜਲੀ ਬੰਦ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਲਈ ਗਲੀ ਨੰਬਰ 7 ਨਿਊ ਦਸਮੇਸ਼ ਨਗਰ ਹੁਸ਼ਿਆਰਪੁਰ ਪਹੁੰਚੇ ਨੰਬਰਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ‘ਤੇ ਬਿਜਲ਼ੀ ਠੀਕ ਕਰਨ ਲਈ ਬਿਨਾਂ ਪੌੜੀ ਤੋਂ ਆਏ ਤਾਂ ਦੇਖਿਆ ਕਿ ਟਰਾਂਸਫਾਰਮਰ ਦਾ ਇੱਕ ਫਿਊਜ਼ ਉਡਿਆ ਹੋਇਆ ਸੀ ਉਕਤ ਮੁਲਾਜ਼ਮਾਂ ਨੇ ਬਿਜਲੀ ਦੀ ਸਪਲਾਈ ਦਾ ਜੀਓ ਸਵਿੱਚ ਕਟਿਆ, ਦੋ ਬਲੇਡ ਬਾਹਰ ਆਏ ਪਰ ਇੱਕ ਵਿੱਚ ਲੱਗਾ ਰਿਹਾ ਜਿਸ ਨਾਲ ਕਰੰਟ ਦੀ ਸਪਲਾਈ ਪੂਰੀ ਤਰ੍ਹਾਂ ਕੱਟ ਨਾ ਹੋਣ ਕਾਰਣ ਮਨਿੰਦਰ ਸਿੰਘ ਨੂੰ ਜ਼ੋਰਦਾਰ ਝੱਟਕਾ ਲੱਗਾ ਅਤੇ ਉਹ ਟ੍ਰਾਂਸਫਰ ਤੋਂ ਹੇਠਾਂ ਆ ਡਿੱਗਿਆ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ |
ਨੰਬਰਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਮਹਿਕਮੇ ਦੇ ਪੱਕੇ ਮੁਲਾਜ਼ਮ ਲਾਈਨਮੈਨ ਪਲਵਿੰਦਰ ਸਿੰਘ ਅਤੇ ਸ਼ਿਵ ਕੁਮਾਰ ਦੀ ਲਾਪਰਵਾਹੀ ਕਾਰਣ ਵਾਪਰਿਆ ਹੈ ਇਸ ਲਈ ਉਹਨਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਇਹ ਮੁੰਡਾ ਮਨਿੰਦਰ ਸਿੰਘ ਜੋ ਠੇਕੇ ਤੇ ਭਰਤੀ ਸੀ ਅਤੇ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਤੇ ਸਾਲ ਕੁ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋਈ ਇਸ ਕਾਰਨ ਘਰ ਵਿੱਚ ਕਮਾਊ ਜੀਅ ਨਹੀਂ ਰਿਹਾ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ | ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਤੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।