Breaking
Mon. Jun 16th, 2025

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਫਿਲੌਰ ਦੇ ਪਿੰਡ ਨੰਗਲ ਦਾ ਦੌਰਾ

ਅਨੁਸੂਚਿਤ ਜਾਤੀਆਂ ਕਮਿਸ਼ਨ

ਬਾਬਾ ਸਾਹਿਬ ਡਾ.ਬੀ.ਆਰ. ਅੰਬੇਡਕਰ ਜੀ ਦੇ ਬੁੱਤ ਨਾਲ ਹੋਈ ਛੇੜਛਾੜ ਦਾ ਮਾਮਲਾ, ਘਟਨਾ ਸਥਾਨ ਦਾ ਲਿਆ ਜਾਇਜ਼ਾ

ਕਿਹਾ, ਡਾ. ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ

ਫਿਲੌਰ, 10 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਸਬ ਡਵੀਜ਼ਨ ਦੇ ਪਿੰਡ ਨੰਗਲ ਪਹੁੰਚ ਕੇ ਬੀਤੇ ਦਿਨੀਂ ਪਿੰਡ ’ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਬੁੱਤ ਨਾਲ ਵਾਪਰੀ ਛੇੜਛਾੜ ਦੀ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਪ੍ਰਿੰ. ਪ੍ਰੇਮ ਕੁਮਾਰ ਵੀ ਮੌਜੂਦ ਸਨ।

ਉਨ੍ਹਾਂ ਮੌਕੇ ’ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬਾਬਾ ਸਾਹਿਬ ਦਾ ਸਨਮਾਨ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ ਅਤੇ ਬੁੱਤ ਦਾ ਅਪਮਾਨ ਕਰਨ ਵਾਲਿਆਂ ਨੂੰ ਜਲਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਕਮਿਸ਼ਨ ਦੇ ਚੇਅਰਮੈਨ ਨੇ ਘਟਨਾ ਸਬੰਧੀ ਪ੍ਰਸ਼ਾਸਨਿਕ ਰਿਪੋਰਟ ਦਾ ਜਾਇਜ਼ਾ ਲੈਣ ਉਪਰੰਤ ਫਿਲੌਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੀਆਂ ਵੀ ਵਿਦੇਸ਼ੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਹਨ, ਉਨ੍ਹਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।

ਬਾਬਾ ਸਾਹਿਬ ਦੇ ਬੁੱਤ ਦੇ ਨਵ ਨਿਰਮਾਣ ਦਾ ਕੰਮ ਪ੍ਰਸ਼ਾਸਨ ਦੀ ਨਜ਼ਰਸਾਨੀ ਹੇਠ ਹੋਣਾ ਚਾਹੀਦਾ ਹੈ

ਚੇਅਰਮੈਨ ਨੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਦੇ ਨਵ ਨਿਰਮਾਣ ਦਾ ਕੰਮ ਪ੍ਰਸ਼ਾਸਨ ਦੀ ਨਜ਼ਰਸਾਨੀ ਹੇਠ ਹੋਣਾ ਚਾਹੀਦਾ ਹੈ। ਉਨ੍ਹਾਂ ਪਿੰਡ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾਉਣ ਦੀ ਵੀ ਸਿਫਾਰਿਸ਼ ਕੀਤੀ ਤਾਂ ਜੋ ਇਕਜੁੱਟਤਾ ਨਾਲ ਕੰਮ ਮੁਕੰਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਬੇਲੋੜੀ ਦਖ਼ਲ ਅੰਦਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਲਈ ਵੀ ਕਿਹਾ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਜਲਦ ਹੀ ਕਾਨੂੰਨ ਦੀ ਗ੍ਰਿਫ਼ਤ ਵਿੱਚ ਹੋਣਗੇ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੁੱਤਾਂ ਦੀ ਨਜ਼ਰਸਾਨੀ ਯਕੀਨੀ ਬਣਾਉਣ ਲਈ ਵਲੰਟੀਅਰਾਂ ਦੀਆਂ ਟੀਮਾਂ ਬਣਾਉਣ ਸਬੰਧੀ ਪ੍ਰਸ਼ਾਸਨ ਨੂੰ ਸਿਫਾਰਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੁੱਤ ਸਥਾਪਤ ਕਰਨ ਤੋਂ ਪਹਿਲਾਂ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲੈਣ ਨੂੰ ਯਕੀਨੀ ਬਣਾਉਣ ਦਾ ਮੁੱਦਾ ਵੀ ਪੰਜਾਬ ਸਰਕਾਰ ਸਾਹਮਣੇ ਰੱਖਿਆ ਜਾਵੇਗਾ।

ਇਸ ਮੌਕੇ ਐਸ.ਡੀ.ਐਮ. ਫਿਲੌਰ ਪਰਲੀਨ ਕੌਰ, ਡੀ.ਐਸ.ਪੀ. ਐਸ.ਐਸ. ਬੱਲ ਆਦਿ ਵੀ ਮੌਜੂਦ ਸਨ।

By admin

Related Post