Breaking
Sat. Oct 3rd, 2026

ਮੀਟਰ ਰੀਡਰਾਂ ਦੀ ਹੜਤਾਲ ਦੇ ਕਾਰਨ ਲੋਕਾਂ ‘ਤੇ ਪੈ ਰਿਹਾ ਜੁਰਮਾਨਿਆਂ ਦਾ ਬੋਝ : ਸੰਤ ਸਤਰੰਜਨ ਸਿੰਘ

ਮੀਟਰ ਰੀਡਰਾਂ

ਹੁਸ਼ਿਆਰਪੁਰ 28 ਜੁਲਾਈ ( ਤਰਸੇਮ ਦੀਵਾਨਾ ) – ਨਜਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਧੁਗਿਆਂ ਵਾਲਿਆਂ ਨੇ ਇਲਾਕੇ ਦੇ ਬਿਜਲੀ ਖਪਤਕਾਰਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਬਿਜਲੀ ਮਹਿਕਮੇ ਤੋਂ ਤੁਰੰਤ ਸੁਧਾਰ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਸਮੇਂ ਸਿਰ ਬਿਜਲੀ ਦੇ ਬਿੱਲ ਨਾ ਮਿਲਣ ਕਾਰਨ ਆਮ ਲੋਕਾਂ ਅਤੇ ਖਪਤਕਾਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਹਾ ਹੈ। ਸੰਤ ਸਤਰੰਜਨ ਸਿੰਘ​ ਨੇ ਕਿਹਾ ਕਿ ਮੀਟਰ ਰੀਡਰਾਂ ਵਲੋਂ ਸਮੇਂ ਸਿਰ ਬਿੱਲ ਨਾ ਵੰਡੇ ਜਾਣ ਕਰਕੇ ਖਪਤਕਾਰਾਂ ਨੂੰ ਬਿੱਲ ਭਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ।

ਇਸ ਦੇ ਸਿੱਟੇ ਵਜੋਂ ਲੋਕਾਂ ਉੱਪਰ ਬਿਨਾਂ ਵਜ੍ਹਾ ਦੇਰੀ ਦਾ ਲੇਟ ਫੰਡ (ਜੁਰਮਾਨਾ) ਪੈ ਜਾਂਦਾ ਹੈ ਅਤੇ ਵੱਡੇ ਬਿੱਲ ਆਉਣ ਕਾਰਨ ਉਨ੍ਹਾਂ ਦਾ ਬਜਟ ਵਿਗੜ ਜਾਂਦਾ ਹੈ। ਕਈ ਵਾਰ ਬਿੱਲ ਭਰਨ ਦੀ ਅੰਤਿਮ ਮਿਤੀ ਲੰਘਣ ਤੋਂ ਬਾਅਦ ਖਪਤਕਾਰਾਂ ਨੂੰ ਬਿੱਲ ਪ੍ਰਾਪਤ ਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਿਭਾਗੀ ਕਾਰਵਾਈ ਅਤੇ ਜੁਰਮਾਨਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ। ​ਉਨ੍ਹਾਂ ਅੱਗੇ ਦੱਸਿਆ ਕਿ ਬਿਜਲੀ ਬੋਰਡ ਦੇ ਕਾਮਿਆਂ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੜਤਾਲ ਚੱਲਣ ਕਰਕੇ ਮੀਟਰ ਰੀਡਿੰਗ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਹੋ ਰਿਹਾ, ਜਿਸ ਕਰਕੇ ਖਪਤਕਾਰਾਂ ਨੂੰ ਮਹੀਨਿਆਂ ਤੱਕ ਬਿੱਲ ਹੀ ਨਹੀਂ ਮਿਲਦੇ।

ਜਦੋਂ ਇੱਕੋ ਵਾਰ ਲੰਬੇ ਸਮੇਂ ਦਾ ਬਿੱਲ ਆਉਂਦਾ ਹੈ ਤਾਂ ਗਰੀਬ ਅਤੇ ਮੱਧਮ ਵਰਗੀ ਪਰਿਵਾਰਾਂ ਲਈ ਇੱਕਦਮ ਇੰਨੀ ਵੱਡੀ ਰਕਮ ਤਾਰਨੀ ਔਖੀ ਹੋ ਜਾਂਦੀ ਹੈ। ਉਹਨਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੀਟਰ ਰੀਡਿੰਗ ਅਤੇ ਬਿੱਲ ਵੰਡਣ ਦੀ ਪ੍ਰਕਿਰਿਆ ਨੂੰ ਪਾਬੰਦ ਬਣਾਇਆ ਜਾਵੇ। ਹਰ ਮਹੀਨੇ ਨਿਯਮਤ ਸਮੇਂ ‘ਤੇ ਖਪਤਕਾਰਾਂ ਤੱਕ ਬਿੱਲ ਪਹੁੰਚਾਏ ਜਾਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।

By admin

Related Post