ਜਲੰਧਰ 13 ਜੂਨ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਤੀ ਹਿਸਾਬ-ਕਿਤਾਬ ਨੂੰ ਸ਼ੀਸ਼ੇ ਵਾਂਗ ਪਾਰਦਰਸ਼ਤ, ਸਿਲਸਲੇਵਾਰ ਪ੍ਰਮਾਣਿਕ ਵਿੱਤੀ ਰਾਸ਼ੀ ਦੀ ਇਕੱਤਰਤਾ ਅਤੇ ਖ਼ਰਚੇ ਦਸਤਾਵੇਜ਼ ਰੂਪ ਵਿੱਚ ਰਿਕਾਰਡ ਸੰਭਾਲ ਕੇ ਰੱਖਣ ਲਈ ਪਿਛਲੇ ਡੇਢ ਦਹਾਕੇ ਤੋਂ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਭੀਮ ਰਾਓ ਸਦੀਵੀ ਵਿਛੋੜਾ ਦੇ ਗਏ।
ਅੱਜ ਮਾਡਲ ਟਾਊਨ ਸ਼ਮਸ਼ਾਨ ਭੂਮੀ ਵਿੱਚ ਉਹਨਾਂ ਦੇ ਪਰਿਵਾਰ ਸਾਕ-ਸਬੰਧੀਆਂ, ਸੰਗੀ ਸਾਥੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਕਮੇਟੀ ਵਿੱਚ ਸੇਵਾਵਾਂ ਦਿੰਦੇ ਗੁਰਦੀਪ ਸਿੰਘ, ਭੂਵਨ ਆਦਿ ਨੇ ਭੀਮ ਰਾਓ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਦੀਆਂ ਧੀਆਂ, ਸਪੁੱਤਰ ਅਤੇ ਪੋਤਰੇ ਨੇ ਉਹਨਾਂ ਨੂੰ ਸਪੁਰਦ-ਏ-ਆਤਿਸ਼ ਕੀਤਾ।
ਜ਼ਿਕਰਯੋਗ ਹੈ ਕਿ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਭੀਮ ਰਾਓ ਦੇ ਵਿਛੋੜੇ ‘ਤੇ ਸ਼ੋਕ ਸਭਾ ਕੀਤੀ ਗਈ। ਇਸ ਮੌਕੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਗੁਰਮੀਤ ਸਿੰਘ, ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ, ਅਮੋਲਕ ਸਿੰਘ ਅਤੇ ਸਟਾਫ਼ ਮੈਂਬਰਾਂ ਨੇ ਖੜੇ ਹੋ ਕੇ ਭੀਮ ਰਾਓ ਨੂੰ ਸ਼ਰਧਾਂਜ਼ਲੀ ਦਿੱਤੀ ਅਤੇ ਉਹਨਾਂ ਦੀਆਂ ਦੇਸ਼ ਭਗਤ ਯਾਦਗਾਰ ਹਾਲ ਲਈ ਸੇਵਾਵਾਂ ਦਾ ਜ਼ਿਕਰ ਕਰਦਿਆਂ ਮਾਣ ਮਹਿਸੂਸ ਕੀਤਾ। ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਹਾਲ ਨਾਲ ਜੁੜੇ ਪਰਿਵਾਰਾਂ ਨੇ ਭੀਮ ਰਾਓ ਦੀ ਦੇਣ ਨੂੰ ਸਿਜਦਾ ਕੀਤਾ ਅਤੇ ਸ਼ੋਕ ਸੁਨੇਹੇ ਦੇਸ਼ ਭਗਤ ਹਾਲ ਦਫ਼ਤਰ ਪੁੱਜਦੇ ਕੀਤੇ।