– ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
– ਕਿਹਾ, ਸਰੀਰ ਨੂੰ ਰੱਖਿਆ ਜਾਵੇ ਹਾਈਡ੍ਰੇਟਿਡ, ਲੂ ਲੱਗਣ ‘ਤੇ ਬਿਨ੍ਹਾਂ ਕਿਸੇ ਦੇਰੀ ਦੇ ਨੇੜਲੇ ਸਰਕਾਰੀ ਹਸਪਤਾਲ ਕੀਤੀ ਜਾਵੇ ਪਹੁੰਚ
ਜਲੰਧਰ 21 ਮਈ (ਜਸਵਿੰਦਰ ਸਿੰਘ ਆਜ਼ਾਦ)- ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਲੂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਾਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੀਟ ਵੇਵਸ (ਲੂ) ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਵਧਾਨੀਆਂ ਵਰਤਕੇ ਲੂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅਡਵਾਈਜ਼ਰੀ ਅਨੁਸਾਰ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪੁਰਾਣੀਆਂ ਬਿਮਾਰੀਆਂ (ਜਿਵੇਂ ਦਿਲ ਦੇ ਰੋਗ ਜਾਂ ਹਾਈ ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਨੂੰ ਲੂ ਲੱਗਣ ਦਾ ਖ਼ਤਰਾ ਸਭ ਤੋਂ ਵਧੇਰੇ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਸ਼੍ਰੀ ਵਾਲੀਆ ਨੇ ਦੱਸਿਆ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ ਆ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ, ਘਬਰਾਹਟ ਹੋਣਾ, ਸਿਰ ਵਿਚ ਤੇਜ਼ ਦਰਦ ਹੋਣਾ, ਹਲਕਾ ਜਾਂ ਤੇਜ਼ ਬੁਖਾਰ ਹੋਣਾ, ਜੀਅ ਖ਼ਰਾਬ ਹੋਣਾ (ਉਲਟੀ ਆਉਣਾ), ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਪਸੀਨਾ ਆਉਣਾ ਬੰਦ ਹੋ ਜਾਣਾ, ਚਮੜੀ ਦਾ ਲਾਲ ਤੇ ਬਹੁਤ ਗਰਮ ਹੋ ਜਾਣਾ ਆਦਿ ਲੂ (ਹੀਟ ਸਟ੍ਰੋਕ) ਦੇ ਲੱਛਣ ਹਨ।
ਸਰੀਰ ਦੇ ਤਾਪਮਾਨ ਨੂੰ ਜਲਦੀ ਘੱਟ ਕਰਨ ਲਈ ਸਿਰ ਅਤੇ ਪੂਰੇ ਸਰੀਰ ‘ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉੁਕਤ ਲੱਛਣ ਵਿਖਾਈ ਦੇਣ ਤਾਂ ਮੁੱਢਲੀ ਸਹਾਇਤਾ ਲਈ ਜ਼ਰੂਰੀ ਹੈ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਛਾਵੇਂ/ਠੰਢੀ ਜਗ੍ਹਾ ‘ਤੇ ਬਿਠਾਇਆ ਜਾਂ ਲਿਟਾਇਆ ਜਾਵੇ, ਕੱਪੜੇ ਢਿੱਲੇ ਕਰ ਦਿੱਤੇ ਜਾਣ ਅਤੇ ਪੀਣ ਲਈ ਕੁਝ ਘਰੇਲੂ ਤਰਲ ਪਦਾਰਥ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰੀਰ ਦੇ ਤਾਪਮਾਨ ਨੂੰ ਜਲਦੀ ਘੱਟ ਕਰਨ ਲਈ ਸਿਰ ਅਤੇ ਪੂਰੇ ਸਰੀਰ ‘ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ ਜਾਂ ਗਿੱਲੇ ਕੱਪੜੇ ਨਾਲ ਸਰੀਰ ਪੂੰਝਿਆ ਜਾਵੇ।
ਉਨ੍ਹਾਂ ਕਿਹਾ ਕਿ ਲੂ ਲੱਗਣ ‘ਤੇ ਬਿਨ੍ਹਾਂ ਦੇਰੀ ਨੇੜਲੇ ਸਰਕਾਰੀ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 104 (ਮੈਡੀਕਲ ਹੈਲਪਲਾਈਨ), 108 (ਐਂਬੂਲੈਂਸ) ਅਤੇ 112 ’ਤੇ ਕਾਲ ਕਰਕੇ ਹੀਟ ਵੇਵ ਸਬੰਧੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਖ਼ਰ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਆਦਾ ਜ਼ਰੂਰਤ ਪੈਣ ‘ਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢੱਕ ਲਿਆ ਜਾਵੇ, ਜੋ ਕਿ ਸਰੀਰ ਨੂੰ ਠੰਡਾ ਰੱਖਣ ਵਿੱਚ ਸਹਾਇਕ ਹੁੰਦੇ ਹਨ। ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਹੀਟ ਵੇਵਸ ਦੇ ਚੱਲਦਿਆਂ ਅੱਖਾਂ ਦੀ ਸੁਰੱਖਿਆ ਲਈ ਚਸ਼ਮਾ ਅਤੇ ਚਮੜੀ ਦੀ ਸੁਰੱਖਿਆ ਲਈ ਡਾਕਟਰੀ ਸਲਾਹ ਨਾਲ ਸਨ-ਸਕ੍ਰੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਸ਼ਿਕੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ਓ.ਆਰ.ਐੱਸ. ਘੋਲ ਆਦਿ ਦਾ ਸੇਵਨ ਵਾਰ-ਵਾਰ ਕੀਤਾ ਜਾਵੇ।
ਡੱਬਾਬੰਦ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ
ਉਨ੍ਹਾਂ ਕਿਹਾ ਕਿ ਡੱਬਾਬੰਦ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਸਰੀਰ ਵਿੱਚੋਂ ਪਾਣੀ ਦੀ ਮਾਤਰਾ ਨੂੰ ਹੋਰ ਘਟਾਉਂਦੇ ਹਨ। ਬਾਹਰ ਦੇ ਖਾਣੇ, ਬਾਸੀ ਭੋਜਨ ਜਾਂ ਤਲੇ ਹੋਏ ਫਾਸਟ ਫੂਡ ਤੋਂ ਪੂਰੀ ਤਰ੍ਹਾਂ ਦੂਰ ਰਹੋ।
ਸ਼੍ਰੀ ਵਾਲੀਆ ਨੇ ਕਿਹਾ ਕਿ ਦਿਨ ਦੇ ਸਮੇਂ ਘਰ ਦੀਆਂ ਖਿੜਕੀਆਂ ਅਤੇ ਪਰਦੇ ਬੰਦ ਰੱਖੋ, ਤਾਂ ਜੋ ਬਾਹਰ ਦੀ ਗਰਮ ਹਵਾ ਅੰਦਰ ਨਾ ਆ ਸਕੇ। ਰਾਤ ਦੇ ਸਮੇਂ ਜਦੋਂ ਤਾਪਮਾਨ ਘੱਟ ਹੋਵੇ, ਤਾਂ ਖਿੜਕੀਆਂ ਖੋਲ੍ਹ ਕੇ ਹਵਾਦਾਰੀ ਬਣਾਈ ਰੱਖੋ। ਧੁੱਪ ਵਿੱਚ ਕੰਮ ਕਰਨ ਤੋਂ ਬਚੋ।
ਉਨ੍ਹਾਂ ਕਿਹਾ ਕਿ ਖੜ੍ਹੀ ਹੋਈ ਕਾਰ ਜਾਂ ਕਿਸੇ ਵੀ ਬੰਦ ਵਾਹਨ ਦੇ ਅੰਦਰ ਬੱਚਿਆਂ ਨੂੰ ਇਕੱਲੇ ਕਦੇ ਵੀ ਨਾ ਛੱਡੋ, ਕਿਉਂਕਿ ਬੰਦ ਗੱਡੀ ਦੇ ਅੰਦਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਖ਼ਤਰਨਾਕ ਪੱਧਰ ਤੱਕ ਵੱਧ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਬਾਹਰ ਧੁੱਪ ਵਿੱਚ ਕੰਮ ਕਰਦੇ ਹਨ, ਉਹ ਹਰ ਘੰਟੇ ਬਾਅਦ ਥੋੜ੍ਹੀ ਦੇਰ ਛਾਂਦਾਰ ਜਗ੍ਹਾ ‘ਤੇ ਆਰਾਮ ਜ਼ਰੂਰ ਕਰਨ ਅਤੇ ਸਰੀਰ ਵਿੱਚ ਨਮਕ ਦੀ ਮਾਤਰਾ ਬਣਾਈ ਰੱਖਣ ਲਈ ਨਿੰਬੂ ਪਾਣੀ ਜਾਂ ਓ.ਆਰ.ਐੱਸ. ਲੈਂਦੇ ਰਹਿਣ। ਬਹੁਤ ਜ਼ਿਆਦਾ ਭਾਰੀ ਮਿਹਨਤ ਵਾਲੇ ਕੰਮ ਸਵੇਰੇ ਜਲਦੀ ਜਾਂ ਸ਼ਾਮ ਵੇਲੇ ਕੀਤੇ ਜਾ ਸਕਦੇ ਹਨ।

