Breaking
Sat. May 2nd, 2026

23 ਕ੍ਰਿਕਟ ਹੁਸ਼ਿਆਰਪੁਰ ਟੀਮ ਨੇ ਫਤਿਹਗੜ੍ਹ ਸਾਹਿਬ ਟੀਮ ਨੂੰ 147 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ : ਡਾ. ਰਮਨ ਘਈ

ਕ੍ਰਿਕਟ

-ਬੱਲੇਬਾਜ਼ੀ ਵਿੱਚ ਰਚਿਤ ਸੋਨੀ ਨੇ 175 ਦੌੜਾਂ ਅਤੇ ਗੇਂਦਬਾਜ਼ੀ ਵਿੱਚ ਕ੍ਰਿਸ਼ਨ ਵਾਲੀਆ ਨੇ ਲਏ 5 ਵਿਕਟ

ਹੁਸ਼ਿਆਰਪੁਰ 2 ਮਈ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਅੰਤਰ ਜ਼ਿਲ੍ਹਾ ਅੰਡਰ-23 ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 147 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਵੱਡੀ ਜਿੱਤ ਦਰਜ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ 50-50 ਓਵਰਾਂ ਦੇ ਇੱਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 46.5 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ‘ਤੇ 322 ਦੌੜਾਂ ਬਣਾਈਆਂ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਰਚਿਤ ਸੋਨੀ ਨੇ ਸ਼ਾਨਦਾਰ 175 ਦੌੜਾਂ ਦੀ ਪਾਰੀ ਖੇਡੀ, ਕ੍ਰਿਸ਼ਨ ਵਾਲੀਆ ਨੇ 29 ਦੌੜਾਂ, ਐਸ਼ਵੀਰ ਅਤੇ ਹਰਸ਼ ਚੌਹਾਨ ਨੇ 20-20 ਦੌੜਾਂ ਅਤੇ ਮਨਵੀਰ ਸਿੰਘ ਹੀਰ ਅਤੇ ਕਪਤਾਨ ਹਰਮਨਦੀਪ ਨੇ ਕ੍ਰਮਵਾਰ 19 ਅਤੇ 18 ਦੌੜਾਂ ਦੀ ਪਾਰੀ ਖੇਡੀ।

ਫਤਿਹਗੜ੍ਹ ਸਾਹਿਬ ਵੱਲੋਂ ਗੇਂਦਬਾਜ਼ੀ ਕਰਦਿਆਂ ਸਖ਼ਮ ਕਾਤਿਆਲ ਅਤੇ ਪਰਮੀਸ਼ ਕੁਮਾਰ ਨੇ 3-3 ਵਿਕਟਾਂ ਲਈਆਂ

ਫਤਿਹਗੜ੍ਹ ਸਾਹਿਬ ਵੱਲੋਂ ਗੇਂਦਬਾਜ਼ੀ ਕਰਦਿਆਂ ਸਖ਼ਮ ਕਾਤਿਆਲ ਅਤੇ ਪਰਮੀਸ਼ ਕੁਮਾਰ ਨੇ 3-3 ਵਿਕਟਾਂ ਲਈਆਂ। 50 ਓਵਰਾਂ ਵਿੱਚ ਜਿੱਤ ਲਈ 323 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਟੀਮ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ 30.2 ਓਵਰਾਂ ਵਿੱਚ ਕੇਵਲ 175 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਪਰਮੀਸ਼ ਨੇ ਸਭ ਤੋਂ ਵੱਧ 78 ਦੌੜਾਂ ਅਤੇ ਸਖ਼ਮ ਕਾਤਿਆਲ ਨੇ 49 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਨੌਜਵਾਨ ਤੇਜ਼ ਗੇਂਦਬਾਜ਼ ਕ੍ਰਿਸ਼ਨ ਵਾਲੀਆ ਨੇ 47 ਦੌੜਾਂ ਦੇ ਕੇ 5 ਵਿਕਟਾਂ, ਅਸ਼ੀਸ਼ਜੋਤ ਨੇ 34 ਦੌੜਾਂ ਦੇ ਕੇ 4 ਵਿਕਟਾਂ ਅਤੇ ਧਰੁਵ ਭੰਗਾਨੀਆ ਨੇ ਫਤਿਹਗੜ੍ਹ ਸਾਹਿਬ ਦੇ ਇੱਕ ਖਿਡਾਰੀ ਨੂੰ ਆਊਟ ਕੀਤਾ।

ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਡਾ. ਪੰਕਜ ਸ਼ਿਵ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਜਤਿੰਦਰ ਸੂਦ ਆਦਿ ਨੇ ਸਮੂਹ ਐਸੋਸੀਏਸ਼ਨ ਵੱਲੋਂ ਟੀਮ ਨੂੰ ਵਧਾਈ ਦਿੱਤੀ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪਰਵੀਨ ਕਪੂਰ, ਪੰਕਜ ਪਿੰਕਾ, ਦਿਨੇਸ਼ ਸ਼ਰਮਾ ਅਤੇ ਜ਼ਿਲ੍ਹਾ ਟ੍ਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਤੋਂ ਇਲਾਵਾ ਸੀਨੀਅਰ ਖਿਡਾਰੀ ਅਮਿਤ ਠਾਕੁਰ, ਨਰੇਸ਼ ਕਾਲੂ, ਤਾਰਾ ਚੰਦ, ਸਤਪ੍ਰੀਤ, ਦਲਜੀਤ ਧੀਮਾਨ, ਸੋਢੀ ਰਾਮ ਆਦਿ ਨੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

By admin

Related Post