ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) ਦਲ ਖਾਲਸਾ ਦਾ ਮੰਨਣਾ ਹੈ ਕਿ ਮਕਸਦ ਭਾਵੇਂ ਕਿਨ੍ਹਾਂ ਵੀ ਅਹਿਮ ਹੋਵੇ, ਆਮ ਲੋਕਾਂ ਵਿਰੁੱਧ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦਲ ਖ਼ਾਲਸਾ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਲਜਿੰਦਰ ਸਿੰਘ ਖਾਲਸਾ ਜਿਲ੍ਹਾ ਪ੍ਰਧਾਨ “ਦਲ ਖਾਲਸਾ” ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਸ ਘਟਨਾ ਨੇ ਮੁੜ ਕੌੜੀਆਂ ਯਾਦਾਂ ਤਾਜ਼ਾ ਕੀਤੀਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਮੌਕੇ, 20 ਮਾਰਚ, 2000 ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਚਿਟੀਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਸਾਰੇ ਤੱਥ ਉਸ ਦਰਦਨਾਕ ਕਤਲੇਆਮ ਪਿੱਛੇ ਭਾਰਤ ਦੀ ਡੀਪ ਸਟੇਟ ਦਾ ਹੱਥ ਹੋਣ ਵੱਲ ਇਸ਼ਾਰਾ ਕਰਦੇ ਹਨ।
ਅੱਜ, ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਆਪਣੇ ਪਰਿਵਾਰ ਨਾਲ ਭਾਰਤ ਦਾ ਦੌਰਾ ਕਰ ਰਹੇ ਹਨ, ਤਾਂ ਮੁੜ ਇੱਕ ਹੋਰ ਦੁਖਾਂਤ ਵਾਪਰਿਆ ਹੈ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ 28 ਸੈਲਾਨੀਆਂ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।
ਅਮਰੀਕਾ ਨੂੰ ਇਸ ਹਮਲੇ ਦੀ ਆਪਣੇ ਤੌਰ ਉੱਤੇ ਵੀ ਸੁਤੰਤਰ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ
ਉਹਨਾਂ ਕਿਹਾ ਕਿ ਅਮਰੀਕਾ ਨੂੰ ਇਸ ਹਮਲੇ ਦੀ ਆਪਣੇ ਤੌਰ ਉੱਤੇ ਵੀ ਸੁਤੰਤਰ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਵਿਦੇਸ਼ੀ ਮੂਲ ਦੇ ਉੱਚ ਪ੍ਰੋਫਾਈਲ ਸਿਆਸਤਦਾਨਾਂ ਦੇ ਦੌਰਿਆਂ ਦੇ ਆਲੇ ਦੁਆਲੇ ਹਿੰਸਾ ਦੇ ਇਸ ਪੈਟਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਿਸ਼ਵ ਸ਼ਕਤੀਆਂ ਨੂੰ ਇਹ ਮੰਨਣਾ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੰਬੇ ਸਮੇਂ ਤੋਂ ਲਮਕਦੇ ਆ ਰਹੇ ਕਸ਼ਮੀਰ ਮਸਲੇ ਅਤੇ ਝਗੜੇ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ। ਉਹਨਾਂ ਕਿਹਾ ਕਿ ਕਸ਼ਮੀਰ ਇੱਕ ਰਾਜਨੀਤਿਕ ਮੁੱਦਾ ਸੀ ਪਰ ਭਾਰਤ ਦੀ ਹਰ ਸਰਕਾਰ ਇਸਨੂੰ ਪੂਰੀ ਤਰ੍ਹਾਂ ਗਲਤ ਨੀਤੀਆਂ ਅਤੇ ਅਣਮਨੁੱਖੀ ਤਰੀਕੇ ਨਾਲ ਨਜਿੱਠਦੀ ਆ ਰਹੀ ਹੈ।
ਉਹਨਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ, ਜੋ ਕਿ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਹੀ ਹੈ, ਨੇ ਵਾਰ-ਵਾਰ ਮਨੁੱਖੀ ਅਧਿਕਾਰਾਂ ਦੀ ਨਾ ਸਿਰਫ਼ ਕਸ਼ਮੀਰ ਵਿੱਚ, ਸਗੋਂ ਪੂਰੇ ਭਾਰਤ ਵਿੱਚ ਉਲੰਘਣਾ ਕੀਤੀ ਅਤੇ ਇੱਥੋਂ ਤੱਕ ਕਿ ਆਪਣੀਆਂ ਸਰਹੱਦਾਂ ਤੋਂ ਪਰੇ ਜਾ ਕੇ ਵੀ ਗੈਰ-ਨਿਆਇਕ ਕਤਲ ਕਰਵਾਏ ਹਨ। ਉਹਨਾਂ ਕਿਹਾ ਕਿ ਕਸ਼ਮੀਰ ਅੰਦਰ ਇੰਟਰਨੈੱਟ ਬੰਦ ਕਰਨ ਅਤੇ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਤੋਂ ਲੈ ਕੇ, ਕਸ਼ਮੀਰੀ ਨੇਤਾਵਾਂ ਨੂੰ ਨਾਜਾਇਜ਼ ਨਜ਼ਰਬੰਦ ਰੱਖਣ ਅਤੇ ਸਥਾਨਕ ਆਬਾਦੀ ਨੂੰ ਬੇਰਹਿਮੀ ਨਾਲ ਦਬਾਉਣ ਤੱਕ, ਹਕੂਮਤ ਦੀਆਂ ਇਹ ਕਾਰਵਾਈਆਂ ਲੋਕਤੰਤਰੀ ਕਦਰਾਂ ਕੀਮਤਾਂ ਉੱਤੇ ਧੱਬਾ ਹਨ। ਇਹ ਕਾਰਵਾਈਆਂ ਇੱਕ ਅਜਿਹੇ ਰਾਜ ਦੇ ਸੰਕੇਤ ਹਨ ਜੋ ਡਰ ਅਤੇ ਦਹਿਸ਼ਤ ਨਾਲ ਚੱਲਦਾ ਹੋਵੇ।