ਲਾਜਵੰਤੀ ਕ੍ਰਿਕਟ ਕਲੱਬ ਦੇ ਪੰਜਵੇਂ ਟੂਰਨਾਮੈਂਟ ’ਚ ਪੰਜਾਬ ਭਰ ਦੀਆਂ 15 ਟੀਮਾਂ ਨੇ ਲਿਆ ਭਾਗ, ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਨਾਲ ਕੀਤਾ ਸਨਮਾਨਿਤ
ਹੁਸ਼ਿਆਰਪੁਰ 28 ਸਤੰਬਰ (ਤਰਸੇਮ ਦੀਵਾਨਾ) – ਲਾਜਵੰਤੀ ਕ੍ਰਿਕਟ ਕਲੱਬ ਵੱਲੋਂ ਸਮੂਹ ਮੈਂਬਰਾਂ, ਨੌਜਵਾਨਾਂ, ਅਹੁਦੇਦਾਰਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਪੰਜਵਾਂ ਕ੍ਰਿਕਟ ਟੂਰਨਾਮੈਂਟ ਲਾਜਵੰਤੀ ਗਰਾਊਂਡ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਪਹੁੰਚੀਆਂ 15 ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਗਈ।
ਟੂਰਨਾਮੈਂਟ ਦੀ ਸ਼ੁਰੂਆਤ ਹੁਸ਼ਿਆਰਪੁਰ ਤੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜੀਤ ਸਿੰਘ ਬਜਵਾੜਾ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਲਾਜਵੰਤੀ ਕ੍ਰਿਕਟ ਕਲੱਬ ਨੂੰ ਸਹਿਯੋਗ ਰਾਸ਼ੀ ਵੀ ਭੇਟ ਕੀਤੀ। ਟੂਰਨਾਮੈਂਟ ਦੇ ਸਮਾਪਤੀ ਮੌਕੇ ਜੇਤੂ ਟੀਮ ਨੂੰ ਕੁਲਜੀਤ ਸਿੰਘ ਬਜਵਾੜਾ ਵੱਲੋਂ ਆਪਣੇ ਕਰਕਮਲਾਂ ਨਾਲ ਸਨਮਾਨਿਤ ਕਰਦਿਆਂ ਇਨਾਮੀ ਰਾਸ਼ੀ ਅਤੇ ਮੂਮੈਂਟੋ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਕੁਲਜੀਤ ਸਿੰਘ ਬਜਵਾੜਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਸ਼ਖ਼ਸੀਅਤ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਪਸੀਨਾ ਵਹਾਉਣ ਵਾਲਾ ਨੌਜਵਾਨ ਤੰਦਰੁਸਤ ਸਮਾਜ ਦੀ ਮਜ਼ਬੂਤ ਨੀਂਹ ਬਣਦਾ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡ ਪੱਧਰ ’ਤੇ ਅਜਿਹੇ ਟੂਰਨਾਮੈਂਟ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ ਅਤੇ ਖੇਡ ਕਲੱਬਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਖੇਡ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਨੌਜਵਾਨਾਂ ਨੂੰ ਵਧੀਆ ਖੇਡ ਮੈਦਾਨ, ਲੋੜੀਂਦੀਆਂ ਸਹੂਲਤਾਂ ਅਤੇ ਅੱਗੇ ਵਧਣ ਲਈ ਉਤਸ਼ਾਹ ਮਿਲੇ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਜਿੱਤ-ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।
ਕੁਲਜੀਤ ਸਿੰਘ ਬਜਵਾੜਾ ਨੇ ਲਾਜਵੰਤੀ ਕ੍ਰਿਕਟ ਕਲੱਬ ਦੇ ਪ੍ਰਬੰਧਕਾਂ ਨੂੰ ਸਫਲ ਟੂਰਨਾਮੈਂਟ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ, ਖੇਡ ਪ੍ਰੇਮੀਆਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ।

