ਹੁਸ਼ਿਆਰਪੁਰ 12 ਸਤੰਬਰ (ਤਰਸੇਮ ਦੀਵਾਨਾ) – ਡੇਰਾ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਮੇਰਾ ਸੰਤਪੁਰੀ ਗੱਜਰ ਮਹਿਦੂਦ ਨੇੜੇ ਜੇਜੋ, (ਹੁਸ਼ਿਆਰਪੁਰ) ਵਿਖੇ ਸਤਿਗੁਰੂ ਚਰਨ ਦਾਸ ਜੀ ਮਹਾਰਾਜ ਦੀ 18ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ 8 ਅਤੇ 9 ਅਕਤੂਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਡੇਰੇ ਦੇ ਗੱਦੀ ਨਸ਼ੀਨ ਸੰਤ ਸਤਨਾਮ ਦਾਸ ਜੀ ਗੱਜਰ ਮਹਿਦੂਦ ਵਾਲਿਆਂ ਦੀ ਸੁਚੱਜੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਤ ਸਤਨਾਮ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਤਨਾਮ ਦਾਸ ਨੇ ਦੱਸਿਆ ਕਿ 8 ਅਕਤੂਬਰ (23 ਅੱਸੂ), ਵੀਰਵਾਰ ਨੂੰ ਰਾਤ 8 ਵਜੇ ਤੋਂ ਰੈਣ ਸਵਾਈ ਕੀਰਤਨ ਕਰਵਾਇਆ ਜਾਵੇਗਾ।
ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ
ਇਸ ਉਪਰੰਤ 9 ਅਕਤੂਬਰ (24 ਅੱਸੂ), ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਧਾਰਮਿਕ ਦੀਵਾਨ ਅਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ ਅਤੇ ਕੀਰਤਨ ਦਰਬਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਜਾਇਆ ਜਾਵੇਗਾ, ਜਿਸ ਵਿੱਚ ਸੰਤ-ਮਹਾਪੁਰਖ ਅਤੇ ਰਾਗੀ-ਢਾਡੀ ਜਥੇ ਗੁਰਬਾਣੀ ਕੀਰਤਨ ਅਤੇ ਧਾਰਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਸੰਗਤਾਂ ਲਈ ਲੰਗਰ ਦੀ ਸੇਵਾ ਦੁਪਹਿਰ ਤੋਂ ਹੀ ਸ਼ੁਰੂ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਵਿੱਚ ਸਤਿਗੁਰੂ ਸੁਆਮੀ ਸੰਤ ਚਰਨਦਾਸ ਜੀ ਮਹਾਰਾਜ, ਸੰਤ ਰਾਝੂ ਦਾਸ ਜੀ ਮਹਾਰਾਜ, ਸ਼੍ਰੀਮਾਨ 108 ਸੰਤ ਸਤਨਾਮ ਦਾਸ ਜੀ ਮਹਾਰਾਜ ਅਤੇ ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲਿਆ ਦੀ ਹਾਜ਼ਰੀ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਦੇ ਪਵਿੱਤਰ ਕੀਰਤਨ ਅਤੇ ਸੰਤਾਂ ਦੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ, ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਬਰਸੀ ਸਮਾਗਮ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ-ਸਿਮਰਨ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਧਾਰਮਿਕ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਉਣ।

