ਹੁਸ਼ਿਆਰਪੁਰ, 23 ਜੁਲਾਈ (ਤਰਸੇਮ ਦੀਵਾਨਾ ) – ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਯੋਗ ਅਗਵਾਈ ਹੇਠ ਮਿਸ਼ਨਰੀ ਟੀਮ ਵੱਲੋਂ ਡੇਰਾ 108 ਸੰਤ ਮੇਲਾ ਰਾਮ ਨਗਰ ਵਿਖੇ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਕੈਸ਼ੀਅਰ ਅਤੇ ਡੇਰੇ ਦੇ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ ਅਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਡੇਰਾ ਸੰਤ ਮੇਲਾ ਰਾਮ ਨਗਰ ਦੇ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਨੇ ਸੰਗਤਾਂ ਨੂੰ ਇੱਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸੰਤ ਸਮਾਜ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਦਿ ਧਰਮ ਦੇ ਅਮਰ ਫਲਸਫੇ ‘ਤੇ ਦਿੜ੍ਹਤਾ ਨਾਲ ਪਹਿਰਾ ਦੇਵੇਗਾ। ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਆਦਿ ਧਰਮ ਦੇ ਇੱਕ ਪਰਚਮ ਹੇਠ ਲਾਮਬੰਦ ਹੋ ਕੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਦੌਰਾਨ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਆਦਿ ਧਰਮ ਹੀ ਮਨੁੱਖਤਾ ਦਾ ਮੁੱਖ ਤੇ ਅਸਲੀ ਧਰਮ ਹੈ, ਜਿਸ ਦੀ ਅਜ਼ੀਮ ਨੀਂਹ ਸਾਡੇ ਰਹਿਬਰਾਂ ਨੇ ਆਦਿ ਕਾਲ ਵਿੱਚ ਰੱਖੀ ਸੀ। ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਨੇ ਦੇਸ਼ ਦੇ ਬਹੁਜਨਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਇਤਿਹਾਸਕ ਸੰਘਰਸ਼ ਕੀਤਾ।
ਉਨ੍ਹਾਂ ਦੇ ਇਸ ਅਥੱਕ ਸੰਘਰਸ਼ ਦੀ ਬਦੌਲਤ ਹੀ ਅੱਜ ਸਮਾਜ ਨੂੰ ਵੋਟ ਦਾ ਅਧਿਕਾਰ, ਵਿੱਦਿਆ, ਜਾਇਦਾਦ ਦਾ ਹੱਕ ਅਤੇ ਰਾਜਨੀਤਿਕ ਨੁਮਾਇੰਦਗੀ ਮਿਲੀ ਹੈ। ਸੰਤ ਹੀਰਾ ਨੇ ਚੇਤੇ ਕਰਵਾਇਆ ਕਿ 1931 ਦੀ ਮਰਦਮਸ਼ੁਮਾਰੀ ਵਿੱਚ ‘ਆਦਿ ਧਰਮ’ ਦਾ ਸੁਤੰਤਰ ਖਾਨਾ ਮੌਜੂਦ ਸੀ, ਜਿਸ ਵਿੱਚ ਲੱਖਾਂ ਲੋਕਾਂ ਨੇ ਆਪਣਾ ਅਸਲ ਧਰਮ ਦਰਜ ਕਰਵਾਇਆ ਸੀ। ਹਾਲਾਂਕਿ ਬਾਅਦ ਵਿੱਚ ਸਾਜ਼ਿਸ਼ ਤਹਿਤ ਇਸ ਖਾਨੇ ਨੂੰ ਹਟਾ ਕੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਤੋਂ ਦੂਰ ਕਰਨ ਦੇ ਯਤਨ ਕੀਤੇ ਗਏ, ਪਰ ਇਹ ਹਰਬੇ ਕਦੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
ਦੇਸ਼-ਵਿਦੇਸ਼ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਉਨ੍ਹਾਂ ਅੱਗੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਸੁਨੇਹੇ “ਐਸਾ ਚਾਹੂੰ ਰਾਜ ਮੈਂ ਯਹਾਂ ਮਿਲੇ ਸਭਨੁ ਕੋ ਅੰਨ, ਛੋਟ ਬੜੇ ਸਭੁ ਸਮੁ ਵਸੈ ਰਵਿਦਾਸ ਰਹੇ ਪ੍ਰਸੰਨ” ਅਤੇ “ਬੇਗਮਪੁਰਾ ਸ਼ਹਿਰ ਕੋ ਨਾਉ” ਦੇ ਸੰਕਲਪ ਨੂੰ ਘਰ-ਘਰ ਪਹੁੰਚਾਉਣ ਲਈ ਦੇਸ਼-ਵਿਦੇਸ਼ ਅੰਦਰ ਇੱਕ ਵਿਆਪਕ ਮੁਹਿੰਮ ਵਿੱਢੀ ਗਈ ਹੈ, ਜਿਸ ਨੂੰ ਦੇਸ਼-ਵਿਦੇਸ਼ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਵੱਖ-ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਵੱਲੋਂ ਆਦਿ ਧਰਮ ਦੀ ਹੋਂਦ ਨੂੰ ਬੁਲੰਦ ਰੱਖਣ ਅਤੇ ਜਨਗਣਨਾ ਵਿੱਚ “ਆਦਿ ਧਰਮ” ਲਿਖਵਾਉਣ ਲਈ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੰਤ ਸਤਵਿੰਦਰ ਹੀਰਾ ਅਤੇ ਆਦਿ ਧਰਮ ਮਿਸ਼ਨ ਦੀ ਟੀਮ ਵੱਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਨ ਲਈ ਇਹ ਵਿਸ਼ੇਸ਼ ਦੌਰਾ ਆਰੰਭਿਆ ਗਿਆ ਹੈ।
ਇਸ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਵਰਿੰਦਰ ਬੰਗਾ ਜਨਰਲ ਸਕੱਤਰ, ਓ.ਪੀ. ਰਾਣਾ (ਮੀਡੀਆ ਸਕੱਤਰ), ਹਰਜੀਤ ਰਾਮ, ਜਗਤ ਰਾਮ ਭੱਟੀ, ਹੰਸ ਰਾਜ ਪ੍ਰਧਾਨ, ਸੁਰੇਸ਼ ਕੁਮਾਰ ਫੌਜੀ, ਤਰਸੇਮ ਲਾਲ, ਦਵਿੰਦਰਪਾਲ ਰਵੀ, ਪੱਪੂ, ਰਾਣਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

