ਨੇਹਾ ਨੇ ਬੀ.ਐਸ. ਸੀ.(ਆਈ.ਟੀ.) ਅਤੇ ਦੀਪਕ ਕੁਮਾਰ ਨੇ ਐਮ.ਐਸ.ਸੀ.(ਆਈ.ਟੀ.) ’ਚ ਹਾਸਿਲ ਕੀਤਾ ਪਹਿਲਾ ਸਥਾਨ
ਜਲੰਧਰ 20 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਜਲੰਧਰ, ਜੋ ਕਿ ਆਈ.ਕੇ.ਜੀ.ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਦਾ ਬੈਚਲਰ ਆਫ਼ ਸਾਇੰਸ ਇੰਨ ਆਈ.ਟੀ. ਦੇ ਛੇਵੇਂ ਅਤੇ ਮਾਸਟਰ ਆਫ਼ ਸਾਇੰਸ (ਆਈ.ਟੀ.) ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੀ.ਐਸ.ਸੀ. (ਆਈ.ਟੀ.) ਦੇ ਛੇਵੇਂ ਸਮੈਸਟਰ ਵਿੱਚ ਨੇਹਾ ਨੇ 8.04 ਐਸਜੀਪੀਏ ਲੈ ਕੇ ਪਹਿਲਾ ਅਤੇ ਐਮ.ਐਸ.ਸੀ.(ਆਈ.ਟੀ.) ਦੇ ਚੌਥੇ ਸਮੈਸਟਰ ਵਿੱਚ ਦੀਪਕ ਕੁਮਾਰ ਨੇ 7.83 ਐਸਜੀਪੀਏ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਲਈ ਪ੍ਰਿੰਸੀਪਲ ਪ੍ਰੋ.ਹਰਜੀਤ ਕੌਰ (ਕੰਪਿਊਟਰ ਵਿਭਾਗ ਦੇ ਮੁਖੀ) , ਪ੍ਰੋ.ਮਨਜੀਤ ਕੌਰ, ਪ੍ਰੋ.ਰਵੀਨਾ, ਸੂਬੇਦਾਰ ਮੇਜਰ ਹਰਜਿੰਦਰ ਸਿੰਘ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫ਼ਲਤਾ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।

