Breaking
Tue. Jul 21st, 2026

ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ ਸੰਘਰਸ਼ ਦੀ ਬਦੌਲਤ ਹੀ ਦੱਬੇ-ਕੁਚਲੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ : ਸੰਤ ਸਤਵਿੰਦਰ ਹੀਰਾ

ਸੰਘਰਸ਼

ਹੁਸ਼ਿਆਰਪੁਰ, 21 ਜੁਲਾਈ ( ਤਰਸੇਮ ਦੀਵਾਨਾ )- ​ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਹੈ ਕਿ ਦੇਸ਼-ਵਿਦੇਸ਼ ਵਿੱਚ ਆਦਿ ਧਰਮ ਦੇ ਵਜੂਦ ਨੂੰ ਮਜ਼ਬੂਤ ਕਰਨ ਲਈ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1931 ਦੀ ਜਨਗਣਨਾ (ਮਰਦਮ ਸ਼ੁਮਾਰੀ) ਸਮੇਂ ਆਦਿ ਧਰਮ ਦਾ ਕਾਲਮ ਮੌਜੂਦ ਸੀ, ਜਿਸ ਨੂੰ ਬਾਅਦ ਵਿੱਚ ਸਰਕਾਰਾਂ ਵੱਲੋਂ ਹਟਾ ਦਿੱਤਾ ਗਿਆ। ਆਪਣੀ ਹੋਂਦ ਨੂੰ ਮੁੜ ਸਥਾਪਿਤ ਕਰਨ ਲਈ ਹੁਣ ਧਾਰਮਿਕ, ਸਮਾਜਿਕ ਅਤੇ ਪੜ੍ਹੇ-ਲਿਖੇ ਵਰਗ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ, ਜਿਸ ਦੀ ਅਗਵਾਈ ਪੰਜਾਬ ਦਾ ਸੰਤ ਸਮਾਜ ਕਰੇ।

​ਇਸੇ ਸਬੰਧ ਵਿੱਚ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਮਿਸ਼ਨ ਦੇ ਆਗੂਆਂ ਨੇ ਡੇਰਾ 108 ਸੰਤ ਸੀਤਲ ਦਾਸ ਬੋਹਣ ਵਿਖੇ ਪਹੁੰਚ ਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੰਤ ਸਰਵਣ ਦਾਸ ਜੀ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਆਦਿ ਧਰਮ ਦੇ ਨਾਅਰੇ ਨੂੰ ਬੁਲੰਦ ਕਰਨ ਅਤੇ ਜਨਗਣਨਾ ਵਿੱਚ ਆਪਣਾ ਧਰਮ ‘ਆਦਿ ਧਰਮ’ ਲਿਖਵਾਉਣ ਲਈ ਪ੍ਰੇਰਿਤ ਕਰਨ ਦੇ ਕੀਤੇ ਫੈਸਲੇ ਦਾ ਜ਼ੋਰਦਾਰ ਧੰਨਵਾਦ ਕੀਤਾ ਗਿਆ।

​ਸੰਤ ਹੀਰਾ ਨੇ ਅੱਗੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਵੱਲੋਂ ਦਰਸਾਏ ਬਰਾਬਰਤਾ ਅਤੇ ਭਾਈਚਾਰਕ ਸਾਂਝ ਵਾਲੇ ‘ਬੇਗਮਪੁਰਾ’ ਸ਼ਹਿਰ ਦੀ ਸਥਾਪਨਾ ਲਈ ਸਾਰਿਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਰਹਿਬਰਾਂ ਦੀ ਬਦੌਲਤ ਹੀ ਦੱਬੇ-ਕੁਚਲੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੈ।

​ਇਸ ਮੌਕੇ ਰਾਸ਼ਟਰੀ ਕੈਸ਼ੀਅਰ ਅਮਿਤ ਕੁਮਾਰ ਪਾਲ, ਜਨਰਲ ਸਕੱਤਰ ਵਰਿੰਦਰ ਬੰਗਾ, ਮੀਡੀਆ ਸਕੱਤਰ ਓ.ਪੀ. ਰਾਣਾ, ਡੇਰੇ ਦੇ ਸੇਵਾਦਾਰ ਲਵਪ੍ਰੀਤ, ਚਰਨਜੀਤ ਮੱਛਰੀਵਾਲ, ਸੇਵਾਮੁਕਤ ਇੰਸਪੈਕਟਰ ਬਾਬੂ ਰਾਮ ਭੱਜ ਕਰਾੜੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

By admin

Related Post