Breaking
Tue. Jul 21st, 2026

ਕਰਨਲ ਗੁਰਮੀਤ ਸਿੰਘ ਨੇ ਆਸਾ ਕਿਰਨ ਸਕੂਲ ਨੂੰ ਸੌਂਪਿਆ 5 ਲੱਖ ਦਾ ਚੈੱਕ

ਕਰਨਲ ਗੁਰਮੀਤ ਸਿੰਘ

ਸਪੈਸ਼ਲ ਬੱਚਿਆਂ ਦੀ ਸੇਵਾ ਅੱਗੇ ਵੀ ਜਾਰੀ ਰਹੇਗੀ : ਮਧੂਮੀਤ ਕੌਰ

ਹੁਸ਼ਿਆਰਪੁਰ, 19 ਜੁਲਾਈ ( ਤਰਸੇਮ ਦੀਵਾਨਾ ) – ਜੇ.ਐਸ.ਐਸ. ਆਸਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਵਿੱਚ ਕਰਨਲ ਗੁਰਮੀਤ ਸਿੰਘ ਨੇ ਆਪਣੇ ਜਨਮ ਦਿਨ ‘ਤੇ ਸਪੈਸ਼ਲ ਬੱਚਿਆਂ ਦੀ ਭਲਾਈ ਲਈ 5 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ, ਦੱਸ ਦੇਈਏ ਕਿ ਕਰਨਲ ਗੁਰਮੀਤ ਸਿੰਘ ਆਸਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਹਨ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਪ੍ਰੇਰਨਾ ਨਾਲ ਫੌਜ ਵਿੱਚ ਉਨ੍ਹਾਂ ਦੇ ਸਹਿਯੋਗੀ ਰਹੇ ਕਈ ਲੋਕ ਆਸਾ ਕਿਰਨ ਸਕੂਲ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਰਹਿੰਦੇ ਹਨ।

ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਕਰਨਲ ਗੁਰਮੀਤ ਸਿੰਘ ਦੀ ਪਤਨੀ ਸ਼੍ਰੀਮਤੀ ਮਧੂਮੀਤ ਕੌਰ ਵੀ ਲਗਾਤਾਰ ਸਪੈਸ਼ਲ ਬੱਚਿਆਂ ਦੀ ਮਦਦ ਲਈ ਕੰਮ ਕਰਦੇ ਰਹਿੰਦੇ ਹਨ, ਮਧੂਮੀਤ ਕੌਰ ਡੋਨੇਸ਼ਨ ਫਾਰ ਗੁੱਡ ਕਾਜ਼ ਸੰਸਥਾ ਦੇ ਮੈਂਬਰ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਧੂਮੀਤ ਕੌਰ ਜੇ.ਐਸ.ਐਸ. ਆਸਾ ਕਿਰਨ ਟੀਚਰ ਟ੍ਰੇਨਿੰਗ ਸੰਸਥਾ ਵਿੱਚ ਵੀ ਨਿ-ਸ਼ੁਲਕ ਲੈਕਚਰਾਰ ਵਜੋਂ ਸੇਵਾ ਦੇ ਰਹੇ ਹਨ, ਦੱਸ ਦੇਈਏ ਕਿ ਕਰਨਲ ਗੁਰਮੀਤ ਸਿੰਘ ਅਤੇ ਮਧੂਮੀਤ ਕੌਰ ਸਪੈਸ਼ਲ ਬੱਚਿਆਂ ਦੇ ਮਾਪੇ ਵੀ ਹਨ, ਉਨ੍ਹਾਂ ਨੇ ਆਪਣੇ ਇੱਕ ਸਪੈਸ਼ਲ ਬੱਚੇ ਦੀ ਯਾਦ ਵਿੱਚ ਅਧਿਆਪਕ ਦਿਵਸ ‘ਤੇ ਜਸਮੀਤ ਐਵਾਰਡ ਆਫ਼ ਐਕਸੀਲੈਂਸ ਸ਼ੁਰੂ ਕੀਤਾ ਹੈ ਜਿਸ ਤਹਿਤ ਆਸਾ ਕਿਰਨ ਸਕੂਲ ਦੇ ਸਟਾਫ ਨੂੰ ਪੁਰਸਕਾਰ ਅਤੇ ਨਕਦ ਰਾਸ਼ੀ ਦਿੱਤੀ ਜਾਂਦੀ ਹੈ।

ਕਰਨਲ ਗੁਰਮੀਤ ਸਿੰਘ ਵੱਲੋਂ ਦਿੱਤੇ ਗਏ ਸਹਿਯੋਗ ਲਈ ਆਸਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਰਾਮ ਆਸਰਾ, ਪਰਮਜੀਤ ਸਿੰਘ ਸਚਦੇਵਾ ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਰਨਲ ਗੁਰਮੀਤ ਸਿੰਘ ਨੇ ਕਿਹਾ ਕਿ ਆਸਾਦੀਪ ਵੈਲਫੇਅਰ ਸੁਸਾਇਟੀ ਅਤੇ ਆਸਾ ਕਿਰਨ ਸਕੂਲ ਦੇ ਸਟਾਫ ਵੱਲੋਂ ਸਪੈਸ਼ਲ ਬੱਚਿਆਂ ਦੀ ਜਿਵੇਂ ਸੇਵਾ ਕੀਤੀ ਜਾ ਰਹੀ ਹੈ ਉਸੇ ਭਾਵਨਾ ਨੂੰ ਦੇਖਦੇ ਹੋਏ ਅਸੀਂ ਪਟਿਆਲਾ ਤੋਂ ਹੁਸ਼ਿਆਰਪੁਰ ਸ਼ਿਫਟ ਹੋਣ ਦਾ ਫੈਸਲਾ ਲਿਆ ਸੀ ਅਤੇ ਹੁਣ ਸਾਡੇ ਜੀਵਨ ਦਾ ਇੱਕ ਹੀ ਮਕਸਦ ਹੈ ਅਤੇ ਉਹ ਸਪੈਸ਼ਲ ਬੱਚਿਆਂ ਦੀ ਸੇਵਾ ਹੈ।

By admin

Related Post