Breaking
Mon. Jul 13th, 2026

ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ

18 ਸਾਲਾ ਨੌਜਵਾਨ

ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ

​ਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) – ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ ਦੀ ਪਛਾਣ ਕਰਨਦੀਪ ਸਿੰਘ (18) ਵਜੋਂ ਹੋਈ ਹੈ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਸੁਰਾਗ ਨਾ ਲਗਾਏ ਜਾਣ ਕਾਰਨ ਪੂਰਾ ਪਰਿਵਾਰ ਗਹਿਰੇ ਸਦਮੇ ਅਤੇ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ! ਇਸ ਸਬੰਧੀ ਲਾਪਤਾ ਨੌਜਵਾਨ ਦੀ ਮਾਂ ਪਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਲੰਘੀ 15 ਮਈ ਨੂੰ ਉਨ੍ਹਾਂ ਦਾ ਬੇਟਾ ਕਰਨਦੀਪ ਸਿੰਘ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਜਾ ਰਿਹਾ ਹੈ ਅਤੇ ਬਸ 10 ਮਿੰਟਾਂ ਵਿੱਚ ਵਾਪਸ ਆ ਜਾਵੇਗਾ। ਉਹ ਆਪਣੇ ਤਿੰਨ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਨਹਿਰ ਵੱਲ ਚਲਾ ਗਿਆ।

​ਕੁਝ ਦੇਰ ਬਾਅਦ ਤਿੰਨੋਂ ਦੋਸਤ ਮੋਟਰਸਾਈਕਲ ‘ਤੇ ਵਾਪਸ ਆ ਗਏ, ਪਰ ਕਰਨਦੀਪ ਸਿੰਘ ਉਨ੍ਹਾਂ ਦੇ ਨਾਲ ਨਹੀਂ ਸੀ। ਜਦੋਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਆਲੇ-ਦੁਆਲੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਤਾਂ ਉਸ ਵਿੱਚ ਕਰਨਦੀਪ ਆਪਣੇ ਦੋਸਤਾਂ ਨਾਲ ਜਾਂਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੀ, ਪਰ ਵਾਪਸੀ ਵੇਲੇ ਉਹ ਦੋਸਤਾਂ ਦੇ ਨਾਲ ਨਹੀਂ ਸੀ। ਪਰਿਵਾਰ ਮੁਤਾਬਕ ਜਦੋਂ ਉਨ੍ਹਾਂ ਨੇ ਕਰਨਦੀਪ ਦੇ ਦੋਸਤਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਇੱਕ ਦੋਸਤ ਨੇ ਕਿਹਾ ਕਿ ਕਰਨਦੀਪ ਕਿਸੇ ਲੜਕੀ ਦੇ ਕੋਲ ਰੁਕ ਗਿਆ ਸੀ।

ਕਰਨਦੀਪ ਦੀ ਮਾਂ ਨੇ ਦੋਸ਼ ਲਾਇਆ ਕਿ ਦੋਸਤਾਂ ਦਾ ਵਾਰ-ਵਾਰ ਬਿਆਨ ਬਦਲਣਾ ਹੀ ਸਭ ਤੋਂ ਵੱਡੇ ਸ਼ੱਕ ਦੇ ਦਾਇਰੇ ਵਿੱਚ ਹੈ

ਫਿਰ ਉਨ੍ਹਾਂ ਬਿਆਨ ਬਦਲਦਿਆਂ ਕਿਹਾ ਕਿ ਉਹ ਕਰਨਦੀਪ ਨੂੰ ਇੱਕ ਪ੍ਰਵਾਸੀ ਮਜ਼ਦੂਰ ਦੇ ਕੋਲ ਛੱਡ ਕੇ ਅੱਗੇ ਚਲੇ ਗਏ ਸਨ। ਕਰਨਦੀਪ ਦੀ ਮਾਂ ਨੇ ਦੋਸ਼ ਲਾਇਆ ਕਿ ਦੋਸਤਾਂ ਦਾ ਵਾਰ-ਵਾਰ ਬਿਆਨ ਬਦਲਣਾ ਹੀ ਸਭ ਤੋਂ ਵੱਡੇ ਸ਼ੱਕ ਦੇ ਦਾਇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਦੋਸਤ ਸਾਰੀ ਸੱਚਾਈ ਜਾਣਦੇ ਹਨ, ਕਿਉਂਕਿ ਕਰਨਦੀਪ ਉਹਨਾਂ ਦੇ ਨਾਲ ਹੀ ਗਿਆ ਸੀ ਅਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਉਸ ਬਾਰੇ ਨਹੀਂ ਜਾਣ ਸਕਦਾ। ਪੱਤਰਕਾਰਾਂ ਦੇ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਮਾਂ ਪਰਮਜੀਤ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ, “ਦੋ ਮਹੀਨੇ ਦਾ ਲੰਮਾ ਸਮਾਂ ਬੀਤ ਚੁੱਕਾ ਹੈ। ਜਿਸ ਮਾਂ ਦਾ ਪੁੱਤ ਦੋ ਮਹੀਨਿਆਂ ਤੋਂ ਘਰੋਂ ਗਿਆ ਹੋਵੇ ਤੇ ਉਸਦਾ ਕੋਈ ਪਤਾ ਨਾ ਲੱਗੇ, ਉਸ ਮਾਂ ਅਤੇ ਪਰਿਵਾਰ ਦਾ ਜਿਉਣਾ ਮੁਹਾਲ (ਔਖਾ) ਹੋ ਜਾਂਦਾ ਹੈ।

​ਪੁਲਿਸ ਪ੍ਰਸ਼ਾਸਨ ‘ਤੇ ਉਮੀਦ ਜਤਾਉਂਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਪਤਾਲ ਵਿੱਚੋਂ ਵੀ ਬੰਦਾ ਕੱਢ ਸਕਦੀ ਹੈ। ਇਸ ਲਈ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਉਕਤ ਮੁੰਡਿਆਂ (ਦੋਸਤਾਂ) ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰੇ, ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ ਅਤੇ ਉਨ੍ਹਾਂ ਦੇ ਪੁੱਤਰ ਦਾ ਕੋਈ ਸੁਰਾਗ ਮਿਲ ਸਕੇ। ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਵੱਲੋਂ ਇਲਾਕੇ ਦੀ ਨਹਿਰ ਵਿੱਚ ਵੀ ਕਰਨਦੀਪ ਸਿੰਘ ਦੀ ਕਾਫ਼ੀ ਤਲਾਸ਼ ਕੀਤੀ ਗਈ ਹੈ, ਪਰ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ। ਫਿਲਹਾਲ ਥਾਣਾ ਦਸੂਹਾ ਦੀ ਪੁਲਿਸ ਨੇ ਲਾਪਤਾ ਨੌਜਵਾਨ ਦੇ ਤਿੰਨਾਂ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਂ ਦੇ ਬਿਆਨਾਂ ਨੂੰ ਮੁੱਖ ਰੱਖਦਿਆਂ ਅਗਲੇਰੀ ਸਖ਼ਤੀ ਨਾਲ ਪੁੱਛਗਿੱਛ ਜਾਰੀ ਕਰ ਦਿੱਤੀ ਹੈ।

By admin

Related Post